ਰੋਟਰਡਮ, 20 ਜੂਨ

ਭਾਰਤੀ ਮਹਿਲਾ ਹਾਕੀ ਟੀਮ ਅੱਜ ਐਫਆਈਐਚ ਪ੍ਰੋ ਲੀਗ ਦੇ ‘ਡਬਲ ਲੈੱਗ’ ਮੁਕਾਬਲੇ ਦੇ ਦੂਜੇ ਮੈਚ ਵਿਚ ਇਕ ਗੋਲ ਦੀ ਲੀਡ ਗੁਆ ਕੇ ਓਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਅਰਜਨਟੀਨਾ ਤੋਂ 2-3 ਨਾਲ ਹਾਰ ਗਈ। ਅਰਜਨਟੀਨਾ ਨੇ 16 ਮੈਚਾਂ ਵਿਚ 42 ਅੰਕਾਂ ਦੀ ਬਦੌਲਤ ਐਫਆਈਐਚ ਪ੍ਰੋ ਲੀਗ ਖ਼ਿਤਾਬ ਜਿੱਤ ਲਿਆ। 

ਉਹ ਦੂਜੇ ਸਥਾਨ ਉਤੇ ਰਹੀ ਨੀਦਰਲੈਂਡਜ਼ ਦੀ ਟੀਮ ਤੋਂ 10 ਅੰਕਾਂ ਨਾਲ ਅੱਗੇ ਰਹੀ ਜਿਸ ਦੇ ਹਾਲੇ ਦੋ ਮੈਚ ਬਚੇ ਹਨ। ਭਾਰਤੀ ਟੀਮ 12 ਮੈਚਾਂ ਵਿਚ 24 ਅੰਕ ਲੈ ਕੇ ਆਪਣੇ ਪਹਿਲੇ ਸੈਸ਼ਨ ਵਿਚ ਤੀਸਰੇ ਸਥਾਨ ਉਤੇ ਰਹੀ। ਸ਼ਨਿਚਰਵਾਰ ਹੋਏ ਪਹਿਲੇ ਮੈਚ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਰਧਾਰਿਤ ਸਮੇਂ ਵਿਚ 3-3 ਦੀ ਬਰਾਬਰੀ ਤੋਂ ਬਾਅਦ ਹੋਏ ਸ਼ੂਟਆਊਟ ਵਿਚ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਉਲਟ-ਫੇਰ ਕੀਤਾ ਸੀ।