ਓਟਵਾ, 18 ਅਕਤੂਬਰ: ਸ਼ਨਿੱਚਰਵਾਰ ਨੂੰ ਹਾਇਤੀ ਵਿੱਚ ਕਥਿਤ ਤੌਰ ਉੱਤੇ ਅਗਵਾ ਕੀਤੇ ਗਏ 17 ਮਿਸ਼ਨਰੀਜ਼ ਵਿੱਚ ਇੱਕ ਕੈਨੇਡੀਅਨ ਵੀ ਸ਼ਾਮਲ ਹੈ। ਅਗਵਾ ਕੀਤੇ ਗਏ ਇਸ ਗਰੁੱਪ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ।ਇਹ ਜਾਣਕਾਰੀ ਕ੍ਰਿਸਚੀਅਨ ਏਡ ਮਨਿਸਟਰੀਜ਼ ਵੱਲੋਂ ਆਪਣੀ ਵੈੱਬਸਾਈਟ ਉੱਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦਿੱਤੀ ਗਈ।
ਆਰਗੇਨਾਈਜ਼ੇਸ਼ਨ ਨੇ ਆਖਿਆ ਕਿ ਇਹ ਗਰੁੱਪ ਆਰਫਨੇਜ (ਯਤੀਮਖਾਨਾ) ਬਣਾਉਣ ਵਿੱਚ ਮਦਦ ਕਰਕੇ ਪਰਤ ਰਿਹਾ ਸੀ।ਆਰਗੇਨਾਈਜ਼ੇਸ਼ਨ ਨੇ ਅਗਵਾ ਕੀਤੇ ਗਏ ਲੋਕਾਂ ਦੇ ਨਾਂ ਨਹੀਂ ਦੱਸੇ। ਇਸ ਦੌਰਾਨ ਗਲੋਬਲ ਅਫੇਅਰਜ਼ ਕੈਨੇਡਾ ਨੇ ਐਤਵਾਰ ਨੂੰ ਆਖਿਆ ਕਿ ਉਹ ਅਜਿਹੀਆਂ ਮੀਡੀਆ ਰਿਪੋਰਟਾਂ ਤੋਂ ਜਾਣੂ ਹਨ ਕਿ ਹਾਇਤੀ ਵਿੱਚ ਕੈਨੇਡੀਅਨ ਨਾਗਰਿਕ ਨੂੰ ਅਗਵਾ ਕਰ ਲਿਆ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਹਾਇਤੀ ਸਥਿਤ ਕੈਨੇਡੀਅਨ ਅਧਿਕਾਰੀ ਲੋਕਲ ਅਧਿਕਾਰੀਆਂ ਨਾਲ ਰਲ ਕੇ ਕੰਮ ਕਰ ਰਹੇ ਹਨ।ਕੈਨੇਡੀਅਨ ਸਰਕਾਰ ਦੀ ਮੁੱਖ ਤਰਜੀਹ ਆਪਣੇ ਨਾਗਰਿਕਾਂ ਦੀ ਸੇਫਟੀ ਤੇ ਸਕਿਊਰਿਟੀ ਰਹੀ ਹੈ।ਪ੍ਰਾਇਵੇਸੀ ਐਕਟ ਕਾਰਨ ਕਿਸੇ ਵੀ ਤਰ੍ਹਾਂ ਦੀ ਨਿਜੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ।
ਹਾਇਤੀਅਨ ਪੁਲਿਸ ਇੰਸਪੈਕਟਰ ਫਰੈਂਟਜ਼ ਸ਼ੈਂਪੇਨ ਨੇ ਇਹ ਜਾਣਕਾਰੀ ਜ਼ਰੂਰ ਦਿੱਤੀ ਕਿ 400 ਮਾਵਜੋ਼ ਗੈਂਗ ਵੱਲੋਂ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਪੂਰਬ ਵਿੱਚ ਸਥਿਤ ਗੈਂਥੀਅਰ ਇਲਾਕੇ ਤੋਂ ਇਸ ਗਰੁੱਪ ਨੂੰ ਅਗਵਾ ਕੀਤਾ ਗਿਆ।