ਓਨਟਾਰੀਓ, 2 ਨਵੰਬਰ  : ਓਨਟਾਰੀਓ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਹੁਣ ਹਸਪਤਾਲ ਐਡਮਨਿਸਟ੍ਰੇਟਰਜ਼ ਤੇ ਹੈਲਥ ਕੇਅਰ ਪ੍ਰੋਵਾਈਡਰਜ਼ ਕੋਲੋਂ ਕਾਫੀ ਜਾਣਕਾਰੀ ਹਾਸਲ ਹੋ ਚੁੱਕੀ ਹੈ ਜਿਸ ਨਾਲ ਉਹ ਇਸ ਸੈਕਟਰ ਲਈ ਵੈਕਸੀਨ ਲਾਜ਼ਮੀ ਕਰਨ ਲਈ ਸ਼ਰਤਾਂ ਤਿਆਰ ਕਰਨ ਬਾਰੇ ਕੋਈ ਫੈਸਲਾ ਕਰ ਸਕਦੇ ਹਨ।
ਪ੍ਰੀਮੀਅਰ ਡੱਗ ਫੋਰਡ ਨੇ ਪਿਛਲੇ ਮਹੀਨੇ ਹਸਪਤਾਲਾਂ ਦੇ ਸੀਈਂਓਜ਼, ਲੋਕਲ ਮੈਡੀਕਲ ਆਫੀਸਰਜ਼ ਆਫ ਹੈਲਥ ਤੇ ਹੋਰਨਾਂ ਸਬੰਧਤ ਆਰਗੇਨਾਈਜ਼ੇਸ਼ਨਜ਼ ਨੂੰ ਹਸਪਤਾਲਾਂ ਦੇ ਸਟਾਫ ਲਈ ਵੈਕਸੀਨੇਸ਼ਨ ਲਾਜ਼ਮੀ ਕਰਨ ਵਾਸਤੇ ਆਪਣੀ ਰਾਇ ਦੱਸਣ ਲਈ ਆਖਿਆ ਸੀ। ਫੋਰਡ ਨੇ 19 ਅਕਤੂਬਰ ਤੱਕ ਸਾਰਿਆਂ ਤੋਂ ਇਹ ਪ੍ਰਤੀਕਿਰਿਆ ਮੰਗੀ ਸੀ, ਪਰ ਪਿਛਲੇ ਹਫਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਅਜੇ ਵੀ ਕਈ ਹਸਪਤਾਲਾਂ ਤੋਂ ਪ੍ਰਤੀਕਿਰਿਆ ਹਾਸਲ ਨਹੀਂ ਹੋਈ ਹੈ ਤੇ ਉਹ ਇਸ ਬਾਰੇ ਫੈਸਲਾ ਕਰਨ ਤੋਂ ਬੈਠੇ ਹਨ।
ਐਲੀਅਟ ਨੇ ਸੋਮਵਾਰ ਨੂੰ ਆਖਿਆ ਕਿ ਉਨ੍ਹਾਂ ਨੂੰ ਹੁਣ ਬਹੁਤੇ ਹਸਪਤਾਲਾਂ ਤੋਂ ਪ੍ਰਤੀਕਿਰਿਆ ਹਾਸਲ ਹੋ ਗਈ ਹੈ।ਹੁਣ ਉਹ ਇਸ ਜਾਣਕਾਰੀ ਦਾ ਮੁਲਾਂਕਣ ਕਰ ਰਹੇ ਹਨ ਤਾਂ ਕਿ ਉਹ ਫੈਸਲਾ ਲੈ ਸਕਣ। ਐਲੀਅਟ ਨੇ ਆਖਿਆ ਕਿ ਇੱਕ ਗੱਲ ਉੱਤੇ ਉਹ ਵਿਚਾਰ ਕਰ ਰਹੇ ਹਨ ਕਿ ਵੈਕਸੀਨੇਸ਼ਨ ਲਾਜ਼ਮੀ ਕਰਨ ਨਾਲ ਕਿਤੇ ਸਟਾਫ ਦੀ ਘਾਟ ਨਾ ਹੋ ਜਾਵੇ ਤੇ ਕਿਤੇ ਉਨ੍ਹਾਂ ਨੂੰ ਜ਼ਰੂਰੀ ਸਰਜਰੀਜ਼ ਰੱਦ ਨਾ ਕਰਨੀਆਂ ਪੈਣ।
ਇਨ੍ਹਾਂ ਨੀਤੀਆਂ ਕਾਰਨ ਕਈ ਹਸਪਤਾਲਾਂ ਵਿੱਚ ਦੋ ਫੀ ਸਦੀ ਸਟਾਫ ਨੂੰ ਜਾਂ ਤਾਂ ਬਿਨਾਂ ਤਨਖਾਹ ਛੁੱਟੀ ਉੱਤੇ ਭੇਜਣਾ ਪਿਆ ਤੇ ਜਾਂ ਫਿਰ ਨੌਕਰੀ ਤੋਂ ਹੀ ਕੱਢਣਾ ਪਿਆ। ਓਨਟਾਰੀਓ ਵਿੱਚ ਸੋਮਵਾਰ ਨੂੰ ਕੋਵਿਡ-19 ਦੇ 422 ਮਾਮਲੇ ਰਿਪੋਰਟ ਕੀਤੇ ਗਏ ਤੇ ਤਿੰਨ ਹੋਰ ਮੌਤਾਂ ਦਰਜ ਕੀਤੀਆਂ ਗਈਆਂ। ਐਲੀਅਟ ਨੇ ਆਖਿਆ ਕਿ ਇਨ੍ਹਾਂ ਵਿੱਚੋਂ 261 ਮਾਮਲੇ ਉਨ੍ਹਾਂ ਦੇ ਸਨ ਜਿਨ੍ਹਾਂ ਦੀ ਪੂਰੀ ਵੈਕਸੀਨੇਸ਼ਨ ਨਹੀਂ ਸੀ ਜਾਂ ਜਿਨ੍ਹਾਂ ਦੇ ਵੈਕਸੀਨੇਸ਼ਨ ਸਟੇਟਸ ਬਾਰੇ ਕੋਈ ਜਾਣਕਾਰੀ ਨਹੀਂ ਸੀ।