ਚੇਤਨਪੁਰਾ, 31 ਮਾਰਚ

ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪਿੰਡ ਸੰਗਤਪੁਰਾ (ਥਾਣਾ ਝੰਡੇਰ) ਵਿਖੇ ਬੀਤੀ ਸ਼ਾਮ ਲੁਟੇਰਿਆਂ ਨੂੰ ਫੜਨ ਆਈ ਥਾਣਾ ਘਣੀਏ ਕੇ ਬਾਂਗਰ ਤੇ ਫਤਹਿਗੜ੍ਹ ਚੂੜੀਆਂ ਦੀ ਪੁਲੀਸ ’ਤੇ ਲੁਟੇਰਿਆਂ ਵੱਲੋ ਕੀਤੀ ਫਾਇਰਿੰਗ ‘ਚ ਹੈੱਡ ਕਾਂਸਟੇਬਲ ਜੁਗਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਸਥਿਰ ਹੈ। ਇਸ ਘਟਨਾ ਸਬੰਧੀ ਥਾਣਾ ਝੰਡੇਰ ਦੇ ਐੱਸਐੱਚਓ ਸਤਨਾਮ ਸਿੰਘ ਨੇ ਦੱਸਿਆ ਕਿ ਥਾਣਾ ਫਤਹਿਗੜ੍ਹ ਚੂੜੀਆਂ ਤੇ ਘਣੀਏ ਕੇ ਬਾਂਗਰ ਦੀ ਪੁਲੀਸ ਵੱਲੋਂ ਪਰਸ ਤੇ ਮੋਬਾਈਲ ਫੋਨ ਖੋਹ ਕੇ ਭੱਜੇ ਲੁਟੇਰਿਆਂ ਦਾ ਪਿੱਛਾ ਕਰਦਿਆਂ ਭਾਲੋਵਾਲੀ ਚੌਕ ਨੇੜਿਓ ਇਕ ਲੁਟੇਰੇ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ ਹੋਰ ਸਾਥੀਆਂ ਨੂੰ ਫੜਨ ਲਈ ਪੁਲੀਸ ਜਦ ਪਿੰਡ ਸੰਗਤਪੁਰਾ ਪਹੁੰਚੀ ਤਾਂ ਉੱਥੇ ਲੁਟੇਰਿਆਂ ਤੇ ਪੁਲੀਸ ਦਰਮਿਆਨ ਮੁਕਾਬਲਾ ਹੋ ਗਿਆ। ਇਸ ਦੌਰਾਨ 50 ਦੇ ਕਰੀਬ ਗੋਲੀਆਂ ਚੱਲੀਆਂ। ਮੁਕਾਬਲੇ ਉਪਰੰਤ ਇੱਕ ਨੌਜਵਾਨ ਪਵਨ ਵਾਸੀ ਪਿੰਡ ਸੰਗਤਪੁਰਾ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਭੱਜਣ ਵਿੱਚ ਕਾਮਯਾਬ ਹੋ ਗਏ।