ਬਾਲ ਕਹਾਣੀ

ਦੇਵਦਰਸ਼ ਪੜ੍ਹਾਈ ਵਿਚ ਕਾਫ਼ੀ ਹੁਸ਼ਿਆਰ ਸੀ। ਉਸ ਦੇ ਅਧਿਆਪਕ ਉਸ ’ਤੇ ਫਖ਼ਰ ਕਰਦੇ ਸਨ। ਖ਼ਾਸ ਕਰਕੇ ਅਧਿਆਪਕ ਵਰਮਾ ਜੀ ਤਾਂ ਉਸ ਨੂੰ ਦਿਲੋਂ ਜਾਨ ਤੋਂ ਚਾਹੁੰਦੇ ਸਨ। ਅਕਸਰ ਉਹ ਸਕੂਲ ਦੇ ਸਮਾਗਮਾਂ ਮੌਕੇ ਦੂਜੇ ਵਿਦਿਆਰਥੀਆਂ ਸਾਹਮਣੇ ਦੇਵਦਰਸ਼ ਦੀ ਮਿਸਾਲ ਦਿੰਦੇ ਸਨ।

ਸਕੂਲ ਤਾਂ ਕਾਫ਼ੀ ਸਮੇਂ ਤੋਂ ਬੰਦ ਪਏ ਸਨ। ਦੇਵਦਰਸ਼ ਵੀ ਘਰ ਵਿਚ ਹੀ ਆਨਲਾਈਨ ਪੜ੍ਹਦਾ ਸੀ, ਪਰ ਹੌਲੀ ਹੌਲੀ ਉਸ ਦਾ ਪੜ੍ਹਾਈ ਤੋਂ ਮਨ ਉਚਾਟ ਹੁੰਦਾ ਜਾ ਰਿਹਾ ਸੀ। ਇੰਟਰਨੈੱਟ ’ਤੇ ਪੜ੍ਹਾਈ ਕਰਦਿਆਂ ਉਸ ਦੀ ਜ਼ਿਆਦਾ ਦਿਲਚਸਪੀ ਫ਼ਿਲਮਾਂ ਵੇਖਣ ਤੇ ਗੇਮਾਂ ਖੇਡਣ ਵਿਚ ਹੋਣ ਲੱਗੀ ਸੀ।

ਹੌਲੀ ਹੌਲੀ ਦੇਵਦਰਸ਼ ਨੂੰ ਮਹਿਸੂਸ ਹੋਇਆ ਕਿ ਉਹ ਪੜ੍ਹਾਈ ਵਿਚ ਕਾਫ਼ੀ ਪੱਛੜ ਗਿਆ ਹੈ। ਉਹ ਚਾਹ ਕੇ ਵੀ ਪੜ੍ਹਾਈ ਵਿਚ ਪੂਰੀ ਦਿਲਚਸਪੀ ਨਹੀਂ ਸੀ ਰੱਖ ਪਾ ਰਿਹਾ। ਉਹ ਸੋਚਦਾ ਕਿ ਜਦੋਂ ਸਕੂਲ ਖੁੱਲ੍ਹ ਗਏ ਤਾਂ ਅਧਿਆਪਕ ਵਰਮਾ ਜੀ ਨਾਲ ਕਿਵੇਂ ਨਜ਼ਰ ਮਿਲਾਵੇਗਾ ? ਉਸ ਨੇ ਜੋ ਸਨਮਾਨ ਪਾਇਆ ਸੀ ਉਹ ਹੁਣ ਉਸ ਦੇ ਕਾਬਲ ਨਹੀਂ ਰਿਹਾ। ਉਸ ਦਾ ਆਤਮ ਵਿਸ਼ਵਾਸ ਡਗਮਗਾ ਰਿਹਾ ਸੀ।

ਇਕ ਦਿਨ ਦੇਵਦਰਸ਼ ਸਵੇਰੇ ਸਵੇਰੇ ਸੈਰ ਕਰਦਾ ਘਰ ਤੋਂ ਕਾਫ਼ੀ ਦੂਰ ਆ ਗਿਆ। ਉਸ ਨੇ ਦੇਖਿਆ ਕਿ ਇਕ ਸੰਘਣੇ ਰੁੱਖ ਦੇ ਤਣੇ ’ਤੇ ਦੋ ਵਿਅਕਤੀ ਤਿਲਕ ਲਗਾ ਕੇ ਮੱਥਾ ਟੇਕ ਰਹੇ ਸਨ। ਦੇਵਦਰਸ਼ ਨੇ ਇਕ ਨੂੰ ਕਹਿੰਦੇ ਸੁਣਿਆ, ‘ਇਹ ਬਿਰਖ ਦੇਵਤਾ ਸੱਚਮੁਚ ਹੀ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੈ…ਆਪਣੀਆਂ ਤਾਂ ਸਭ ਪਰੇਸ਼ਾਨੀਆਂ ਦੂਰ ਹੋ ਗਈਆਂ।’ ਉਨ੍ਹਾਂ ਦੇ ਜਾਣ ਮਗਰੋਂ ਦੇਵਦਰਸ਼ ਨੇ ਵੀ ਮੱਥਾ ਟੇਕਿਆ ਤੇ ਇਹੋ ਮੰਨਤ ਮੰਗੀ ਕਿ ਉਹ ਬਿਨਾਂ ਮਿਹਨਤ ਕੀਤਿਆਂ ਹੀ ਹਰ ਸਾਲ ਵਾਂਗ ਇਸ ਵਾਰ ਵੀ ਪ੍ਰੀਖਿਆ  ਵਿਚ ਅੱਵਲ ਰਹੇ। ਉਸ ਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਜੇਕਰ ਉਹ ਸੱਤ ਦਿਨ ਲਗਾਤਾਰ ਇਸ ਰੁੱਖ ਨੂੰ ਤਿਲਕ ਲਗਾ ਕੇ ਸੱਚੇ ਦਿਲੋਂ ਮੱਥਾ ਟੇਕੇ ਤਾਂ ਉਹ ਬਿਨਾਂ ਮਿਹਨਤ ਕੀਤਿਆਂ ਪਹਿਲਾਂ ਵਾਂਗ ਹੀ ਪੜ੍ਹਾਈ ਵਿਚ ਸਫਲ ਰਹਿ ਸਕਦਾ ਹੈ ਤੇ ਉਹ ਹਮੇਸ਼ਾਂ ਹੁਸ਼ਿਆਰ ਵਿਦਿਆਰਥੀ ਹੀ ਅਖਵਾਏਗਾ।

ਇਕ ਦਿਨ ਦੇਵਦਰਸ਼ ਨੇ ਰੋਜ਼ਾਨਾ ਵਾਂਗ ਹੀ ਉਸ ਰੁੱਖ ਅੱਗੇ ਖੜ੍ਹ ਕੇ ਮੰਨਤ ਮੰਗੀ ਤੇ ਜਿਵੇਂ ਹੀ ਮੁੜਨ ਲੱਗਾ ਰੁੱਖ ਪਿੱਛੇ ਲੁਕੇ ਕਿਸੇ ਵਿਅਕਤੀ ਨੇ ਉਸ ਨੂੰ ਆਵਾਜ਼ ਦਿੱਤੀ,‘ਦੇਵ…।’

ਦੇਵਦਰਸ਼ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਆਦਮੀ ਨੇ ਉਸ ਨੂੰ ਫਿਰ ਕਿਹਾ, ‘ਦੇਵਦਰਸ਼…।’ ਫਿਰ ਉਸ ਨੇ ਆਪਣੇ ਮੂੰਹ ਤੋਂ ਮਾਸਕ ਲਾਹਿਆ ਤਾਂ ਦੇਵਦਰਸ਼ ਇਕਦਮ ਹੈਰਾਨ ਜਿਹਾ ਰਹਿ ਗਿਆ ਤੇ ਘਬਰਾ ਗਿਆ। ਇਹ ਉਸ ਦੇ ਅਧਿਆਪਕ ਵਰਮਾ ਜੀ ਸਨ ਜੋ ਇਸ ਪਾਸੇ ਸੈਰ ਕਰਦੇ ਆਏ ਸਨ ਤੇ ਉਨ੍ਹਾਂ ਨੇ ਦੂਰੋਂ ਦੇਵਦਰਸ਼ ਨੂੰ ਉੱਧਰ ਆਉਂਦੇ ਦੇਖ ਲਿਆ ਸੀ। ਉਹ ਤਾਂ ਰੁੱਖ ਓਹਲੇ ਹੋ ਕੇ ਉਸ ਨੂੰ ਹੈਰਾਨ ਕਰ ਦੇਣਾ ਚਾਹੁੰਦੇ ਸਨ, ਪਰ ਜਿਵੇਂ ਹੀ ਉਨ੍ਹਾਂ ਨੇ ਦੇਵਦਰਸ਼ ਦੀਆਂ ਗੱਲਾਂ ਸੁਣੀਆਂ ਤਾਂ ਸਾਰਾ ਮਾਜਰਾ ਸਮਝ ਗਏ।

‘ਦੇਵ ਮੈਂ ਇਹ ਕੀ ਸੁਣ ਰਿਹਾ ਹਾਂ…। ਤੂੰ ਵਹਿਮਾਂ ਭਰਮਾਂ ਵਿਚ ਕਦੋਂ ਦਾ ਪੈ ਗਿਆ ਤੇ ਇਹ ਕੀ ਮੰਗ ਰਿਹਾ ਸੀ ਕਿ ਮੈਂ ਪੜ੍ਹਾਈ ਵਿਚ ਪਹਿਲਾਂ ਵਾਂਗ ਹੁਸ਼ਿਆਰ ਹੋ ਜਾਵਾਂ। ਮੈਨੂੰ ਮਿਹਨਤ ਨਾ ਕਰਨੀ ਪਵੇ…।’ ਅਧਿਆਪਕ ਵਰਮਾ ਜੀ ਨੇ ਦੇਵਦਰਸ਼ ਨੂੰ ਕਈ ਸਵਾਲ ਕਰ ਦਿੱਤੇ।

‘ਸਰ…ਉਹ ਤਾਂ…ਮੈਂ…ਵੈਸੇ ਹੀ…। ਸੌਰੀ ਸਰ…।’ ਕਹਿ ਕੇ ਦੇਵਦਰਸ਼ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਜਿਵੇਂ ਅਧਿਆਪਕ ਜੀ ਨੇ ਉਸ ਦੀ ਦੁਖਦੀ ਰਗ ’ਤੇ ਹੱਥ ਧਰ ਦਿੱਤਾ ਸੀ। ਵਰਮਾ ਜੀ ਨੂੰ ਇੰਨਾ ਤਾਂ ਸਮਝ ਆ ਗਈ ਕਿ ਦੇਵਦਰਸ਼ ਵਰਗਾ ਹੋਣਹਾਰ ਵਿਦਿਆਰਥੀ ਆਪਣਾ ਆਤਮ ਵਿਸ਼ਵਾਸ ਗੁਆ ਚੁੱਕਾ ਹੈ। ਉਨ੍ਹਾਂ ਨੇ ਪਿਆਰ ਨਾਲ ਦੇਵਦਰਸ਼ ਨੂੰ ਕੋਲ ਬਿਠਾਇਆ ਤੇ ਸਮਝਾਉਂਦੇ ਹੋਏ ਬੋਲੇ, ‘ਬੇਟਾ, ਇਸ ਦੁਨੀਆਂ ਵਿਚ ਬਿਨਾਂ ਮਿਹਨਤ ਕੀਤਿਆਂ ਕੁਝ ਵੀ ਹਾਸਲ ਨਹੀਂ ਹੁੰਦਾ। ਹਿੰਮਤ ਏ ਮਰਦਾ ਮਦਦ ਏ ਖੁਦਾ। ਭਾਵ ਕਿ ਬੰਦਾ ਜੇਕਰ ਹਿੰਮਤ ਕਰੇ ਤੇ ਕਿਸੇ ਵੀ ਕੰਮ ਵਿਚ ਹਾਰ ਨਾ ਮੰਨੇ ਤਾਂ ਪਰਮਾਤਮਾ ਵੀ ਉਸ ਦੀ ਮਦਦ ਕਰਨ ਲਈ ਉਸ ਦੇ ਅੰਗ ਸੰਗ ਹੋ ਜਾਂਦਾ ਹੈ, ਪਰ ਪਰਮਾਤਮਾ ਇਨ੍ਹਾਂ ਰੁੱਖਾਂ ਵਿਚ ਨਹੀਂ ਸਾਡੇ ਅੰਦਰ ਹੀ ਹੈ। ਸੱਚੇ ਤੇ ਉੱਦਮੀ ਲੋਕਾਂ ਨੂੰ ਉਸ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ। ਸਾਨੂੰ ਜੀਵਨ ਵਿਚ ਕੇਵਲ ਆਪਣੇ ਟੀਚੇ ਵੱਲ ਧਿਆਨ ਦੇਣਾ ਚਾਹੀਦਾ ਹੈ। ਤੂੰ ਇਕ ਹੁਸ਼ਿਆਰ ਵਿਦਿਆਰਥੀ ਹੈ। ਅੱਜ ਤਕ ਜਿਸ ਨੇ ਵੀ ਦੁਨੀਆਂ ਵਿਚ ਨਾਂ ਕਮਾਇਆ ਹੈ ਤੇ ਸਫਲਤਾ ਹਾਸਲ ਕੀਤੀ ਹੈ ਉਹ ਆਪਣੀ ਮਿਹਨਤ ਤੇ ਲਗਨ ਦੇ ਬਲਬੂਤੇ ਉੱਤੇ। ਇਸ ਲਈ ਇੱਥੇ ਸਮਾਂ ਬਰਬਾਦ ਨਾ ਕਰ ਤੇ ਘਰ ਜਾ। ਰੋਜ਼ਾਨਾ ਸਮਾਂ ਸੂਚੀ ਬਣਾ ਕੇ ਪੜ੍ਹਾਈ ਕਰ ਤੇ ਹਮੇਸ਼ਾਂ ਇਹੋ ਸੋਚ ਕੇ ਤੂੰ ਸਭ ਤੋਂ ਖ਼ਾਸ ਹੈ ਤੇ ਮਿਹਨਤ ਤੋਂ ਕਦੇ ਵੀ ਭੱਜ ਨਾ। ਘਰ ਵਿਚ ਮੰਮੀ ਪਾਪਾ ਨਾਲ ਮਨ ਦੀ ਗੱਲ ਸਾਂਝੀ ਕਰ। ਮੇਰੀ ਕਿਸੇ ਸਲਾਹ ਦੀ ਲੋੜ ਹੋਵੇ ਤਾਂ ਮੇਰਾ ਨੰਬਰ ਤੇਰੇ ਕੋਲ ਹੈ ਹੀ, ਉਸ ’ਤੇ ਬੇਝਿਜਕ ਗੱਲ ਕਰ। ਉਮੀਦ ਹੈ ਤੂੰ ਮੇਰੀਆਂ ਗੱਲਾਂ ’ਤੇ ਗੌਰ ਕਰੇਂਗਾ ਤੇ ਫਿਰ ਅਜਿਹੇ ਵਹਿਮਾਂ ਭਰਮਾਂ ਤੋਂ ਦੂਰ ਰਹੇਂਗਾ।’

‘ਸਰ…ਮੈਨੂੰ ਮੁਆਫ਼ ਕਰ ਦਿਓ। ਤੁਸੀਂ ਸਹੀ ਸਮੇਂ ’ਤੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਮੈਂ ਹੁਣ ਕਦੇ ਵੀ ਮਿਹਨਤ ਤੋਂ ਜੀਅ ਨਹੀਂ ਚੁਰਾਵਾਂਗਾ ਤੇ ਪਹਿਲਾਂ ਵਾਂਗ ਹੀ ਦਿਲ ਲਗਾ ਕੇ ਪੜ੍ਹਾਈ ਕਰਾਂਗਾ।’ ਦੇਵਦਰਸ਼ ਨੇ ਜੋਸ਼ ਨਾਲ ਉੱਠਦਿਆਂ ਕਿਹਾ ਤਾਂ ਅਧਿਆਪਕ ਵਰਮਾ ਜੀ ਦਾ ਚਿਹਰਾ ਵੀ ਖਿੜ ਗਿਆ ਜਿਵੇਂ ਉਨ੍ਹਾਂ ਦੀ ਥਕਾਨ ਲਹਿ ਗਈ ਸੀ। ਘਰ ਮੁੜਦੇ ਦੇਵਦਰਸ਼ ਦੀ ਚਾਲ ਤੋਂ ਅਧਿਆਪਕ ਜੀ ਨੂੰ ਲੱਗ ਰਿਹਾ ਸੀ ਜਿਵੇਂ ਦੇਵਦਰਸ਼ ਨੇ ਫਿਰ ਪਿੱਛੇ ਮੁੜ ਕੇ ਨਾ ਦੇਖਣ ਦਾ ਸੰਕਲਪ ਕਰ ਲਿਆ ਹੈ।