ਕੇ.ਐਲ. ਗਰਗ

ਸਵੇਰੇ ਅਸੀਂ ਗਲੀ ਦਾ ਬਾਹਰਲਾ ਬੂਹਾ ਖੋਲ੍ਹਣ ਲਈ ਬਾਹਰ ਨਿਕਲੇ ਤਾਂ ਸਾਡੇ ਗੁਆਂਢੀ ਗੁਪਤਾ ਜੀ ਚਿਮਟੇ ਨਾਲ, ਹਾਕਰ ਦੁਆਰਾ ਸੁੱਟਿਆ, ਅਖ਼ਬਾਰ ਚੁੱਕੀ ਜਾ ਰਹੇ ਸਨ। ਚਿਮਟੇ ਨਾਲ ਅਖ਼ਬਾਰ ਇਉਂ ਲਟਕ ਰਿਹਾ ਸੀ ਜਿਵੇਂ ਉਨ੍ਹਾਂ ਨੇ ਮਰਿਆ ਹੋਇਆ ਮੇਮਣਾ ਕੰਨੋਂ ਫੜ ਕੇ ਚੁੱਕਿਆ ਹੋਇਆ ਹੋਵੇ।

‘‘ਵਾਹ ਗੁਪਤਾ ਜੀ!’’ ਅਸੀਂ ਕਈ ਦਿਨਾਂ ਬਾਅਦ ਦੇਖੇ ਗੁਪਤਾ ਜੀ ਨੂੰ ਹੱਥ ਹਿਲਾ ਕੇ ਵਿਸ਼ ਕੀਤੀ। ਸਾਡੀ ਵਿਸ਼ ਸੁਣਦਿਆਂ ਹੀ ਗੁਪਤਾ ਜੀ ਦੀਆਂ ਪਹਿਲਾਂ ਹੀ ਚੌੜੀਆਂ ਅੱਖਾਂ, ਹੋਰ ਚੌੜੀਆਂ ਹੋ ਗਈਆਂ। ਸਾਡੇ ਵੱਲ ਇਉਂ ਓਪਰਿਆਂ ਵਾਂਗ ਝਾਕੇ ਜਿਵੇਂ ਸਾਨੂੰ ਜਾਣਦੇ ਹੀ ਨਾ ਹੋਣ। ਅਸੀਂ ਆਪਣਾ ਬੁੱਕੋ-ਬੁੱਕ ਲਬਰੇਜ਼ ਗੁਆਂਢੀ-ਪ੍ਰੇਮ ਜ਼ਾਹਰ ਕਰਨ ਲਈ ਉਨ੍ਹਾਂ ਵੱਲ ਵਧੇ। ਸਾਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਉਹ ਇਉਂ ਭੈਅਭੀਤ ਹੋ ਗਏ ਜਿਵੇਂ ਅਸੀਂ ਗੁਆਂਢੀ ਨਾ ਹੋ ਕੇ ਕੋਈ ਜਮਦੂਤ ਹੋਈਏ ਜੋ ਉਨ੍ਹਾਂ ਦੀ ਮੌਤ ਦਾ ਫਰਮਾਨ ਲੈ ਕੇ ਆਇਆ ਹੋਵੇ। ਅਸੀਂ ਜਿਉਂ-ਜਿਉਂ ਅਗਾਂਹ ਵਧ ਰਹੇ ਸਾਂ। ਉਹ ਓਨਾ ਹੀ ਪਿਛਾਂਹ-ਪਿਛਾਂਹ ਹਟਦੇ ਜਾਂਦੇ ਸਨ। ਉਨ੍ਹਾਂ ਦੀ ਦਾਲ ਤੋਂ ਵੀ ਪਤਲੀ ਹੁੰਦੀ ਜਾਂਦੀ ਹਾਲਤ ਦੇਖ ਕੇ ਅਸੀਂ ਪੁੱਛ ਹੀ ਲਿਆ, ‘‘ਗੁਪਤਾ ਜੀ, ਮੌਤ ਤੋਂ ਡਰਦੇ ਓਂ? ਅਸੀਂ ਤਾਂ ਤੁਹਾਡੇ ਗੁਆਂਢੀ ਉਹੀ ਗੋਇਲ ਹਾਂ ਜਿਨ੍ਹਾਂ ਨੂੰ ਤੁਸੀਂ ਘੁੱਟ-ਘੁੱਟ ਜੱਫੀਆਂ ਪਾਉਂਦੇ ਰਹੇ ਹੋ।’’ ਗੁਪਤਾ ਜੀ ਨੂੰ ਜਿਵੇਂ ਸਾਡੀ ਗੱਲ ਵਾਰਾ ਨਾ ਖਾਧੀ ਹੋਵੇ। ਝੱਟ ਹੀ ਨੱਕ ਜਿਹਾ ਸੰਗੋੜ ਕੇ ਕਹਿਣ ਲੱਗੇ, ‘‘ਮੌਤ ਤੋਂ ਕਿਹੜਾ ਭੜੂਆ ਡਰਦੈ। ਵਾਪਸੀ ਟਿਕਟ ਲੈ ਕੇ ਆਏ ਹੋਏ ਆਂ। ਇਕ ਦਿਨ ਜਾਣਾ ਹੀ ਪੈਣੈਂ। ਅਸੀਂ ਤਾਂ ਅਹਿ ਬਿਮਾਰੀ ਤੋਂ ਡਰਦੇ ਆਂ ਜਿਸ ਦੀ ਹਾਲੇ ਤੱਕ ਕੋਈ ਦਵਾਈ ਤੱਕ ਨਹੀਂ ਲੱਭੀ। ਹਾਲਾਂਕਿ ਸਾਰੀ ਦੁਨੀਆਂ ਦੇ ਵਿਗਿਆਨੀ ਸਿਰ ਪਟਕ-ਪਟਕ ਕੇ ਕਿੱਲ੍ਹੀ ਜਾ ਰਹੇ ਨੇ। ਚੰਗੇ ਹਾਲਾਤ ਵਿਚ ਤਾਂ ਤੁਹਾਡੇ ਜਿਹੇ ਬਿਗਾਨਿਆਂ ਨਾਲ ਵੀ ਘੁੱਟ-ਘੁੱਟ ਜੱਫੀਆਂ ਪਾ ਲੈਂਦੇ ਸੀ, ਪਰ ਹੁਣ ਤਾਂ ਇਸ ਚੰਦਰੀ ਵਾਅ ਕਾਰਨ ਸਾਡੀ ਸਕੀ ਤੇ ਇਕਲੌਤੀ ਪਤਨੀ ਨੇ ਵੀ ਛੇ-ਫੁੱਟੀ ਸੋਸ਼ਲ ਡਿਸਟੈਂਸਿੰਗ ਦਾ ਐਲਾਨ ਕਰ ਦਿੱਤਾ ਹੈ। ਬਿਮਾਰੀ ਤੋਂ ਡਰ ਲਗਦੈ ਭਰਾਵਾ, ਮੌਤ ਤੋਂ ਨੀਂ। ਤੁਹਾਨੂੰ ਤਾਂ ਪਤਾ ਈ ਐ ਕਿ ਅਸੀਂ ਹਾਲੇ ਪਿਛਲੇ ਵਰ੍ਹੇ ਹੀ ਆਪਣੇ ਵਿਆਹ ਦੀ ਗੋਲਡਨ ਜੁਬਲੀ ਮਨਾ ਕੇ ਹਟੇ ਆਂ। ਜੇ ਇਸ ਚੰਦਰੀ ਬਿਮਾਰੀ ਤੋਂ ਬਚੇ ਰਹੇ ਤਾਂ ਸ਼ਾਇਦ ਡਾਇਮੰਡ ਜੁਬਲੀ ਵੀ ਮਨਾ ਜਾਈਏ। ਬਿਮਾਰੀ ਨੇ ਤਾਂ ਜੀਆਂ ਦਾ ਪ੍ਰੇਮ ਵੀ ਫਿੱਕਾ ਕਰਤਾ।’’

ਗੁਪਤਾ ਜੀ ਸਾਡੇ ਨਾਲੋਂ ਆਪਣੇ ਜਾਣੀਂ ਪੂਰੀ ਛੇ ਫੁੱਟ ਦੀ ਦੂਰੀ ਬਣਾਈ ਖਲੋਤੇ ਸਨ। ਅਸੀਂ ਥੋੜ੍ਹਾ ਹੋਰ ਅਗਾਂਹ ਸਰਕੇ ਤਾਂ ਉਨ੍ਹਾਂ ਦੇ ਤਾਂ ਚਿਹਰੇ ਦਾ ਜਾਣੋਂ ਫਿਊਜ਼ ਹੀ ਉੱਡ ਗਿਆ ਹੋਵੇ। ਉਨ੍ਹਾਂ ਨੂੰ ਇਉਂ ਅਖ਼ਬਾਰ ਦੀ ਲਾਸ਼ ਚੁੱਕੀ ਤੇ ਘਾਬਰੇ ਦੇਖ ਕੇ ਸਾਥੋਂ ਕਹਿਣੋਂ ਰਹਿ ਨਾ ਹੋਇਆ:

‘‘ਤੁਸੀਂ ਤਾਂ ਗੁਪਤਾ ਜੀ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪੂਰਾ, ਨਾਪ-ਤੋਲ ਕੇ ਖ਼ਿਆਲ ਰੱਖ ਰਹੇ ਓਂ? ਆਪਣੇ ਗੁਆਂਢੀ ਤੋਂ ਈਂ ਡਰੀ ਜਾਂਦੇ ਓਂ।’’ ਸਾਡੀ ਗੱਲ ਸੁਣਦਿਆਂ ਹੀ ਉਨ੍ਹਾਂ ਚਿਮਟੇ ਵਾਲਾ ਹੱਥ ਝਟਕਿਆ, ਅਖ਼ਬਾਰ ਨੇ ਤੜਫ਼ਦੇ ਮੇਮਣੇ ਵਾਂਗ ਫੜ ਫੜ ਕੀਤੀ ਤੇ ਗੁਪਤਾ ਜੀ ਦੇ ਮੂੰਹੋਂ ਮੁਰਦਾ ਜਿਹੀ ਆਵਾਜ਼ ਨਿਕਲੀ:

‘‘ਇਹ ਬਿਮਾਰੀ ਵਾਲੀ ਸੋਸ਼ਲ ਡਿਸਟੈਂਸਿੰਗ ਤਾਂ ਆਪਾਂ ਮਹੀਨੇ ਦੋ ਮਹੀਨੇ ਤੋਂ ਹੀ ਕਰ ਰਹੇ ਆਂ। ਆਪਾਂ ਤੇ ਆਪਣੇ ਬਜ਼ੁਰਗ ਤਾਂ ਹਜ਼ਾਰਾਂ ਵਰ੍ਹਿਆਂ ਤੋਂ ਹੀ ਇਸ ਨਾਮੁਰਾਦ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਆ ਰਹੇ ਆਂ। ਸੈਂਕੜੇ ਵਰ੍ਹੇ ਸਾਡੇ ਬਜ਼ੁਰਗ ਦਲਿਤਾਂ ਤੋਂ ਸੋਸ਼ਲ ਡਿਸਟੈਂਸਿੰਗ ਕਰਦੇ ਰਹੇ। ਫੇਰ ਅਸੀਂ ਜਾਤਾਂ ਤੋਂ ਡਿਸਟੈਂਸਿੰਗ ਕੀਤੀ। ਜੱਟ ਬਾਣੀਏ ਤੋਂ, ਬਾਣੀਆ ਖੱਤਰੀ ਤੋਂ ਤੇ ਖੱਤਰੀ ਮਹਾਜਨਾਂ ਤੋਂ ਡਿਸਟੈਂਸਿੰਗ ਕਰਨ ਲੱਗ ਪਿਆ। ਫੇਰ ਅਸੀਂ ਇਸ ਬਿਮਾਰੀ ’ਚ ਜਕੜੇ ਗੋਤਾਂ ਤੱਕ ਵੀ ਪਹੁੰਚ ਗਏ- ਗਿੱਲ, ਬਰਾੜ ਆਹਲੂਵਾਲੀਆਂ ਤੋਂ, ਆਹਲੂਵਾਲੀਏ ਗਰੇਵਾਲਾਂ ਤੋਂ, ਗਰਗ ਗੋਇਲਾਂ ਤੋਂ ਤੇ ਗੋਇਲ ਮਿੱਤਲਾਂ ਤੋਂ ਸੋਸ਼ਲ ਡਿਸਟੈਂਸਿੰਗ ਕਰਨ ਲੱਗੇ। ਇਸ ਮਾਮਲੇ ’ਚ ਤਾਂ ਅਸੀਂ ਲਗਾਤਾਰ ਵਿਕਾਸ ਯਾਨੀ ਤਰੱਕੀ ਕੀਤੀ ਹੈ।’’

‘‘ਪਰ ਹੁੁਣ ਤਾਂ ਬਹੁਤ ਫ਼ਰਕ ਪੈ ਗਿਐ।’’ ਗੁਪਤਾ ਜੀ ਨੂੰ ਅਸੀਂ ਹੁੱਬ ਕੇ ਆਖਿਆ।

‘‘ਹਾਂ ਜੀ, ਹੁਣ ਬਿਮਾਰੀ ਨੇ ਹੋਰ ਫ਼ਰਕ ਪਾ ਦਿੱਤੈ। ਪਿਉ ਪੁੱਤ ਧੀ ਤੋਂ, ਭਰਾ ਭੈਣ ਤੋਂ, ਪਤੀ ਪਤਨੀ ਤੋੋਂ, ਪਤਨੀ ਸੱਸ-ਸਹੁਰੇ ਤੋਂ ਤੇ ਖ਼ੁਦ ਪਤਨੀ ਪਤੀ ਤੋਂ ਵੀ ਸੋਸ਼ਲ ਡਿਸਟੈਂਸਿੰਗ ਕਰਨ ਲੱਗ ਪਏ ਨੇ। ਸਾਡੇ ਮੁਲਕ ਨੂੰ ਤਾਂ ਇਸ ਸੋਸ਼ਲ ਡਿਸਟੈਂਸਿੰਗ ਦਾ ਪੁਰਾਣਾ ਤਜਰਬਾ ਹੈ। ਅਮੀਰ ਗ਼ਰੀਬ ਰਿਸ਼ਤੇਦਾਰ ਤੋਂ, ਕਰੋੜੀ ਲੱਖੀਏ ਤੋਂ ਸੋਸ਼ਲ ਡਿਸਟੈਂਸਿੰਗ ਤਾਂ ਆਮ ਹੀ ਕਰਦੇ ਨੇ। ਊਸ ਸੋਸ਼ਲ ਡਿਸਟੈਂਸਿੰਗ ’ਤੇ ਘ੍ਰਿਣਾ ਅਤੇ ਨਫ਼ਰਤ ਦਾ ਲੇਪ ਵੀ ਲੱਗਾ ਹੁੰਦਾ ਸੀ। ਕਿਸੇ ਦਲਿਤ ਵੱਲੋਂ ਛੂਹੇ ਜਾਣ ’ਤੇ ਬੰਦਾ ਨਹਾ-ਨਹਾ ਕਮਲਾ ਹੋਇਆ ਰਹਿੰਦਾ ਸੀ। ਉਦੋਂ ਅਸੀਂ ਸੋਸ਼ਲ ਡਿਸਟੈਂਸਿੰਗ ਨੂੰ ਭਿੱਟ ਆਖਦੇ ਸਾਂ ਤੇ ਹੁਣ ਇਸ ਨੂੰ ਅੰਗਰੇਜ਼ੀ ਭਾਸ਼ਾ ਵਿਚ ਸੋਸ਼ਲ ਡਿਸਟੈਂਸਿੰਗ ਕਹਿੰਦੇ ਨੇ, ਭਰਾਵਾ।’’

ਅਸੀਂ ਗੁਪਤਾ ਜੀ ਦਾ ਪ੍ਰਵਚਨ, ਸੁਣ-ਸੁਣ ਹੈਰਾਨ ਹੀ ਨਹੀਂ ਸਗੋਂ ਨਿਹਾਲ ਵੀ ਹੋਈ ਜਾ ਰਹੇ ਸਾਂ। ਏਨੀਆਂ ਮਾਰਫ਼ਤ ਦੀਆਂ ਗੱਲਾਂ ਤਾਂ ਉਨ੍ਹਾਂ ਨੇ ਪਿਛਲੇ ਪੰਝੀ ਵਰ੍ਹਿਆਂ ’ਚ ਵੀ ਨਹੀਂ ਸੀ ਕੀਤੀਆਂ। ਸ਼ਾਇਦ ਕਰੋਨਾ ਨੇ ਗੁਪਤਾ ਜੀ ਨੂੰ ਇਕਾਂਤਵਾਸ ’ਚ ਰੱਖ ਕੇ ਸਿਆਣਾ ਬਣਾ ਦਿੱਤਾ ਸੀ। ਲੋਕ ਤਾਂ ਬਿਮਾਰੀ ਕਾਰਨ ਕਮਲੇ ਹੁੰਦੇ ਨੇ, ਉਨ੍ਹਾਂ ਦੀ ਮੱਤ ਮਾਰੀ ਜਾਂਦੀ ਐ, ਪਰ ਗੁਪਤਾ ਜੀ…। ਇਸ ਤੋਂ ਅਗਾਂਹ ਸਾਡੀ ਸੋਚ ਜਾ ਹੀ ਨਹੀਂ ਸਕੀ।

‘‘ਸਾਡਾ ਇਕ ਰਿਸ਼ਤੇਦਾਰ ਬਾਹਰੋਂ ਤਿੰਨ ਹਫ਼ਤੇ ਲਈ ਮਿਲਣ ਆਇਆ ਸੀ। ਉਸ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਰਦਿਆਂ ਹੀ ਚੌਦ੍ਹਾਂ ਦਿਨ ਲਈ ਕੁਆਰੰਟਾਈਨ ਕਰ ਦਿੱਤਾ। ਉਹ ਉੱਥੇ ਹੀ ਫਸਿਆ ਹੋਇਆ ਹੈ। ਹੁਣ ਦੱਸੋ ਉਹ ਕੀ ਰਿਸ਼ਤੇਦਾਰਾਂ ਨੂੰ ਮਿਲੂ ਤੇ ਕੀ ਘੁੰਮੂ ਫਿਰੂ।’’ ਅਸੀਂ ਗੱਲ ਤੋਰਨ ਮਾਰੇ ਐਵੇਂ ਹੀ ਆਖ ਦਿੱਤਾ ਸੀ।

ਸੁਣਦਿਆਂ ਹੀ ਗੁਪਤਾ ਜੀ ਸਾਡੇ ਵੱਲ ਹੋਰੂੰ-ਹੋਰੂੰ ਜਿਹੇ ਝਾਕਣ ਲੱਗੇ। ਚਿਮਟੇ ਨੂੰ ਕਸ ਕੇ ਫੜ ਪ੍ਰਵਚਨੀ ਅੰਦਾਜ਼ ’ਚ ਕਹਿਣ ਲੱਗੇ:

‘‘ਇਹ ਕੁਆਰੰਟਾਈਨ ਵੀ ਸਾਡੇ ਲਈ ਨਵੀਂ ਚੀਜ਼ ਨਹੀਂ ਹੈ। ਅਸੀਂ ਤਾਂ ਸਦੀਆਂ ਤੋਂ ਆਪਣੇ ਲੋਕਾਂ ਨੂੰ ਕੁਆਰੰਟਾਈਨ ਕਰਦੇ ਆ ਰਹੇ ਹਾਂ। ਸਿਆਣੇ ਕਹਿੰਦੇ ਹਨ ਕਿ ਰੱਬ ਨੇ ਬੰਦਾ ਬਣਾਇਆ ਤੇ ਬੰਦੇ ਨੇ ਬਸਤੀਆਂ ਬਣਾ ਧਰੀਆਂ। ਪਹਿਲਾਂ ਕੁਆਰੰਟਾਈਨ ਲਈ ਅਸੀਂ ਬਸਤੀਆਂ ਬਣਾਈਆਂ। ਝਿਊਰ ਬਸਤੀ, ਚਮਾਰ ਬਸਤੀ, ਬਾਲਮੀਕ ਬਸਤੀ ਤੇ ਕਦੀ ਅਸੀਂ ਇਸ ਨੂੰ ਵਿਹੜਾ ਵੀ ਕਹਿ ਲੈਂਦੇ ਸੀ। ਫੇਰ ਮਹਾਤਮਾ ਗਾਂਧੀ ਨੇ ਇਨ੍ਹਾਂ ਦਾ ਨਾਂ ਬਦਲ ਕੇ ਹਰੀਜਨ ਕਲੋਨੀ ਰੱਖ ਦਿੱਤਾ। ਬਹੁਤਾ ਫ਼ਰਕ ਨੀਂ ਪਿਆ। ਬੰਦੇ ਵੀ ਉੱਥੇ ਹੀ ਰਹੇ ਤੇ ਬਸਤੀਆਂ ਵੀ। ਸਿਰਫ਼ ਨਾਂ ਹੀ ਬਦਲਿਆ। ਫੇਰ ਇਨ੍ਹਾਂ ਕਲੋਨੀਆਂ ਨੂੰ ਨੇਤਾਵਾਂ ਦੇ ਨਾਂ ਮਿਲਣ ਲੱਗ ਪਏ। ਨਹਿਰੂ ਕਲੋਨੀ, ਰਾਜੀਵ ਕਲੋਨੀ, ਇੰਦਰਾ ਕਲੋਨੀ, ਸ਼ਾਸਤਰੀ ਤੇ ਅੰਬੇਡਕਰ ਕਲੋਨੀ। ਸ਼ਾਇਦ ਹੁਣ ਨਵੀਂ ਸੱਤਾ ਆਉਣ ’ਤੇ ਇਨ੍ਹਾਂ ਦੇ ਨਾਂ ਅਟੱਲ ਕਲੋਨੀ, ਗੌਡਸੇ ਕਲੋਨੀ, ਸਾਵਰਕਰ ਕਲੋਨੀ, ਦੀਨ-ਦਿਆਲ ਕਲੋਨੀ, ਮੁਖਰਜੀ ਕਲੋਨੀ, ਮੋਦੀ/ਸ਼ਾਹ ਕਲੋਨੀ ਹੋਣ ਲੱਗਣਗੇ ਜਿਵੇਂ ਅਲਾਹਾਬਾਦ ਪ੍ਰਯਾਗਰਾਜ ਤੇ ਮੁਗ਼ਲ ਸਰਾਇ ਸਟੇਸ਼ਨ ਦੀਨ ਦਿਆਲ ਊਪਾਧਿਆਇ ਜੰਕਸ਼ਨ ਬਣ ਗਿਆ ਹੈ। ਹੋਰ ਸੁਣੋ, ਹੁਣ ਤਾਂ ਜੰਮਦਾ ਨਿਆਣਾ ਵੀ ਵੱਖਰਾ ਕਮਰਾ ਭਾਲਦੈ। ਭੈਣ ਦਾ ਕਮਰਾ ਅੱਡ ਤੇ ਭਰਾ ਦਾ ਅੱਡ। ਆਪੋ ਆਪਣੇ ਕੁਆਰੰਟਾਈਨ ਵਿਚ ਫਸੇ ਹੋਏ।’’

ਸੰਗਾਲੂ ਗੁਪਤਾ ਜੀ ’ਚ ਜਾਣੋਂ ਅੱਜ ਕੋਈ ਭੂਤ ਹੀ ਆ ਵੜਿਆ ਹੋਵੇ। ਉਹ ਬੰਬੇ ਐਕਸਪ੍ਰੈਸ ਜਾਂ ਬੁਲੇਟ ਟਰੇਨ ਦੀ ਤੇਜ਼ੀ ਨਾਲ ਇਕੋ ਸਾਹ ਬੋਲੀ ਜਾ ਰਹੇ ਸਨ।

‘‘ਆ ਜੋ, ਆ ਜੋ ਅੰਦਰ। ਹੋਰ ਨਾ ਬਾਹਰੋਂ ਕੋਈ ਬਿਮਾਰੀ ਸਹੇੜ ਲਿਆਇਓ। ਥੋਨੂੰ ਤਾਂ ਅਖ਼ਬਾਰ ਨੇ ਹੀ ਫੜ ਲਿਆ ਬਾਹਰ।’’ ਗੁਪਤਾ ਜੀ ਦੀ ਪਤਨੀ ਦੀ ਅੰਦਰੋਂ ਤਿੱਖੀ ਜਿਹੀ ਆਵਾਜ਼ ਸੁਣਾਈ ਪਈ। ਪਤਨੀ ਦੀ ਆਵਾਜ਼ ਦੇ ਨਾਲ ਹੀ ਗਲੀ ਦੇ ਮੋੜ ’ਤੇ ਗਸ਼ਤੀ ਪੁਲੀਸ ਦਾ ਤਿੱਖਾ ਹੂਟਰ ਸੁਣਾਈ ਦਿੱਤਾ। ਲੌਕਡਾਊਨ ਦੇ ਦਿਨਾਂ ਵਿਚ ਪੁਲੀਸ ਦੀ ਗੱਡੀ ਦਾ ਹੂਟਰ ਕਰੋਨਾ ਨਾਲੋਂ ਵੀ ਖ਼ਤਰਨਾਕ ਸੀ।

‘‘ਘਰਵਾਲੀ ਦੀਆਂ ਝਿੜਕਾਂ ਤਾਂ ਸੁਣਦੇ ਹੀ ਰਹਿੰਦੇ ਆਂ, ਪਰ ਪੁਲੀਸ ਦੀ ਮਾਰ ਇਸ ਉਮਰ ’ਚ ਝੱਲਣੀ ਬਹੁਤ ਔਖੀ ਹੈ।’’ ਆਖ, ਗੁਪਤਾ ਜੀ, ਚਿਮਟੇ ਨਾਲ ਅਖ਼ਬਾਰ ਫੜੀ ਝੱਫ ਖਾਧੇ ਪਤੰਗ ਵਾਂਗ ਆਪਣੇ ਘਰ ਅੰਦਰ ਜਾ ਡਿੱਗੇ।

ਪੁਲੀਸ ਦੇ ਹੂਟਰ ਸਾਹਮਣੇ ਅਸੀਂ ਵੀ ਬਹੁਤੀ ਦੇਰ ਅੜੇ ਨਹੀਂ ਰਹਿ ਸਕੇ। ਅਸੀਂ ਨਿਹੱਥੇ ਦੁਸ਼ਮਣ ਵਾਂਗ ਉਨ੍ਹਾਂ ਵੱਲ ਦੇਖਦੇ ਹੀ ਰਹਿ ਗਏ ਸਾਂ।