ਰੋਜ਼ ਵਾਂਗ ਦਰਵਾਜ਼ੇ ਦੀ ਘੰਟੀ ਵੱਜੀ। ਸੁਕੇਸ਼ ਬਾਬੂ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਦਲੀਪ ਖੜ੍ਹਾ ਸੀ, ਦੁੱਧ ਦੀਆਂ ਥੈਲੀਆਂ ਹੱਥ ਵਿੱਚ ਲਈ। ਥੈਲੀਆਂ ਨੂੰ ਸਿੰਕ ਵਿੱਚ ਧੋਂਦਿਆਂ ਬੋਲਿਆ, ‘‘ਸਾਹਿਬ, ਘੋਸ਼ ਬਾਬੂ ਸਾਫ਼ ਹੋ ਗਏ।’’

‘‘ਕੀ? ਕਦੋਂ? ਕਿਵੇਂ?’’

‘‘ਪੂਰਾ ਤਾਂ ਪਤਾ ਨਹੀਂ, ਗਾਰਡ ਨੇ ਦੱਸਿਆ ਸੀ ਕਿ ਅੱਜ ਸਵੇਰੇ ਗੁਜ਼ਰ ਗਏ।’’

‘‘ਜਾਹ, ਜਾ ਕੇ ਪਤਾ ਕਰ ਕਿਵੇਂ ਹੋਇਆ,’’ ਸੁਕੇਸ਼ ਬਾਬੂ ਦੀ ਆਵਾਜ਼ ਕੰਬਣ ਲੱਗੀ। ਸਾਹ ਛਾਤੀ ਵਿੱਚ ਢੋਲ ਵਾਂਗੂੰ ਗੂੰਜਣ ਲੱਗਾ। ਚਿਹਰੇ ’ਤੇ ਬੇਚੈਨੀ ਸਾਫ਼ ਝਲਕ ਰਹੀ ਸੀ।

‘‘ਕੀ ਹੋਇਆ?’’ ਅੱਧੀ-ਅਧੂਰੀ ਗੱਲ ਸੁਣ ਕੇ ਸੁਜਾਤਾ ਨੇ ਰਸੋਈ ’ਚੋਂ ਆਉਂਦਿਆਂ ਪੁੱਛਿਆ।

‘‘ਵੇਖ ਨਾ, ਕੀ ਕਹਿ ਰਿਹੈ ਦਲੀਪ… ਕਹਿੰਦਾ ਹੈ ਘੋਸ਼ ਬਾਬੂ ਗੁਜ਼ਰ ਗਏ,’’ ਸੁਰੇਸ਼ ਬਾਬੂ ਦੇ ਚਿਹਰੇ ’ਤੇ ਪ੍ਰੇਸ਼ਾਨੀ ਨਜ਼ਰ ਆ ਰਹੀ ਸੀ।

ਸੁਜਾਤਾ ਦਾ ਮੂੰਹ ਅੱਡਿਆ ਰਹਿ ਗਿਆ, ਪਰ ਉਹਨੇ ਪਤੀ ਦੀ ਚਿੰਤਾ ਵਧੇਰੇ ਕੀਤੀ ਮਤੇ ਬਲੱਡ ਪ੍ਰੈਸ਼ਰ ਹੀ ਨਾ ਵਧ ਜਾਵੇ। ਪਿਛਲੇ ਕੁਝ ਮਹੀਨਿਆਂ ਤੋਂ ਛੋਟੀ-ਛੋਟੀ ਗੱਲ ’ਤੇ ਖ਼ਫਾ ਹੋ ਜਾਂਦੇ ਹਨ।

‘‘ਅੱਛਾ, ਆ ਜਾਓ, ਟੇਬਲ ’ਤੇ ਨਾਸ਼ਤਾ ਲਾ ਦਿੱਤਾ ਹੈ।’’

‘‘ਅਜੇ ਠਹਿਰ ਜਾ, ਜ਼ਰਾ ਦਲੀਪ ਨੂੰ ਆ ਜਾਣ ਦੇ। ਅਜਿਹਾ ਕੀ ਹੋਇਆ ਘੋਸ਼ ਨੂੰ… ਇਉਂ ਕਿਵੇਂ…’’ ਬੁੜਬੁੜ ਕਰਦੇ ਬਾਲਕੋਨੀ ਵਿੱਚ ਗਏ ਅਤੇ ਬਿਨਾਂ ਕਾਰਨ ਪੌਦਿਆਂ ਨੂੰ ਪਾਣੀ ਪਾਉਣ ਲੱਗ ਪਏ।

‘‘ਸੁਣੋ ਜੀ, ਸਵੇਰੇ ਹੀ ਤਾਂ ਤੁਸੀਂ ਪਾਣੀ ਪਾਇਆ ਹੈ। ਫਿਰ ਦੁਬਾਰਾ ਕਿਉਂ?’’

‘‘ਹਾਂ… ਹਾਂ, ਭੁੱਲ ਗਿਆ ਸਾਂ।’’ ਉਹ ਸਹਿਜ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਸੋਫ਼ੇ ’ਤੇ ਆ ਕੇ ਬਹਿ ਗਏ। ਮਨ ਦੇ ਨਾਲ-ਨਾਲ ਉਨ੍ਹਾਂ ਦੀ ਇੱਕ ਲੱਤ ਲਗਾਤਾਰ ਕੰਬ ਰਹੀ ਸੀ। ਸੁਜਾਤਾ ਨੇੜੇ ਆ ਕੇ ਬਹਿ ਗਈ ਅਤੇ ਹਿੱਲਦੇ ਹੋਏ ਗੋਡੇ ’ਤੇ ਹੱਥ ਦਾ ਦਬਾਅ ਪਾ ਕੇ ਬੋਲੀ, ‘‘ਮੈਨੂੰ ਤਾਂ ਲੱਗਦਾ ਹੈ, ਕਿਸੇ ਨੇ ਐਵੇਂ ਹੀ ਅਫਵਾਹ ਉਡਾ ਦਿੱਤੀ ਹੈ। ਕਈ ਦਿਨਾਂ ਤੋਂ ਸੈਰ ਕਰਦੇ ਨਹੀਂ ਦਿਸੇ ਹੋਣੇ, ਬਸ ਲੱਗ ਪਏ ਲੋਕੀਂ ਅੰਦਾਜ਼ੇ ਲਾਉਣ… ਟੀਵੀ ਚੈਨਲਾਂ ਵਾਂਗ ਝੂਠ ਫੈਲਾਉਣ ਵਿਚ ਸਾਰੇ ਇੱਕ-ਦੂਜੇ ਤੋਂ ਵੱਧ ਹਨ।’’

ਪਰ ਸੁਕੇਸ਼ ਬਾਬੂ ਦੇ ਪੀਲੇ ਪਏ ਚਿਹਰੇ ’ਤੇ ਬੇਫ਼ਿਕਰੀ ਦਾ ਕੋਈ ਰੰਗ ਨਹੀਂ ਚੜ੍ਹਿਆ।

ਛੇਤੀ ਹੀ ਦਲੀਪ ਮੁੜ ਆਇਆ। ਸੁਕੇਸ਼ ਬਾਬੂ ਉਸ ਵੱਲ ਵਧੇ।

‘‘ਹਾਂ, ਕੀ ਪਤਾ ਲੱਗਿਆ ਦਲੀਪ? ਛੇਤੀ ਦੱਸ!’’

‘‘ਸਾਹਿਬ! ਪੰਦਰਾਂ ਦਿਨ ਪਹਿਲਾਂ ਘੋਸ਼ ਬਾਬੂ ਨੂੰ ਥੋੜ੍ਹਾ ਜਿਹਾ ਬੁਖ਼ਾਰ ਅਤੇ ਸਰਦੀ-ਖਾਂਸੀ ਹੋਈ ਸੀ। ਘਰ ਵਿੱਚ ਵੀ ਖ਼ੁਦ ਨੂੰ ਕੁਆਰੰਟਾਈਨ ਕੀਤਾ ਹੋਇਆ ਸੀ।’’ 

‘‘ਪਰ ਮੇਰੇ ਨਾਲ ਤਾਂ ਪਿਛਲੇ ਐਤਵਾਰ ਫੋਨ ’ਤੇ ਗੱਲ ਹੋਈ ਹੈ, ਕੁਝ ਦੱਸਿਆ ਨਹੀਂ ਉਹਨੇ।’’

‘‘ਸਾਹਿਬ, ਸੁਣਿਐ ਚਾਰ ਦਿਨ ਪਹਿਲਾਂ ਤਬੀਅਤ ਜ਼ਿਆਦਾ ਵਿਗੜ ਗਈ ਅਤੇ ਇੱਕ ਨਰਸਿੰਗ ਹੋਮ ਵਿੱਚ ਦਾਖਲ ਹੋ ਗਏ ਪਰ ਅੱਜ ਸਵੇਰੇ…’’ ਦਲੀਪ ਨੇ ਗੱਲ ਅਧੂਰੀ ਛੱਡ ਦਿੱਤੀ।

‘‘ਸ਼ਿਵ… ਸ਼ਿਵ…’’ ਕਹਿੰਦਿਆਂ ਸੁਕੇਸ਼ ਬਾਬੂ ਦੇ ਹੱਥ ਆਕਾਸ਼ ਵੱਲ ਉੱਠ ਗਏ।

‘‘ਕੀ ਕਰੋਨਾ ਸੀ?’’ ਸੁਜਾਤਾ ਨੇ ਅਚਾਨਕ ਪੁੱਛਿਆ। ‘‘ਅੱਜਕੱਲ੍ਹ ਥੋੜ੍ਹੀ ਜਿਹੀ ਸਰਦੀ-ਖਾਂਸੀ, ਬੁਖ਼ਾਰ ਹੋਇਆ, ਛਿੱਕ ਆਈ ਜਾਂ ਸਰੀਰ ਵਿੱਚ ਦਰਦ ਹੋਇਆ ਕਿ ਬਸ ਇੱਕੋ ਹੀ ਸ਼ੱਕ ਹੁੰਦਾ ਹੈ।’’

‘‘ਮੇਮ ਸਾਹਿਬ! ਪਤਾ ਨ੍ਹੀਂ, ਕੋਈ ਕੁਝ ਦਸਦਾ ਥੋੜ੍ਹੋ ਹੈ!’’

‘‘ਪਰ ਇਸ ਵਿੱਚ ਲੁਕਾਉਣ ਵਾਲੀ ਕਿਹੜੀ ਗੱਲ ਹੈ? ਸਾਰੀ ਦੁਨੀਆਂ ਵਿੱਚ ਅੱਗ ਲੱਗੀ ਹੋਈ ਹੈ ਇਸ ਮਰ ਜਾਣੇ ਕਰੋਨਾ ਕਰਕੇ… ਨਾ ਬੱਚਾ ਵੇਖਦੀ ਹੈ, ਨਾ ਬੁੱਢਾ, ਨਾ ਅਮੀਰ, ਨਾ ਗ਼ਰੀਬ, ਨਾ ਝੌਂਪੜੀ, ਨਾ ਮਹਿਲ… ਕਦੋਂ, ਕੀਹਨੂੰ ਸੱਦਾ ਆ ਜਾਏ, ਕੀ ਪਤਾ! ਹੱਸਦੇ-ਖੇਡਦੇ, ਹੱਟੇ-ਕੱਟੇ ਗੱਭਰੂ ਜਵਾਨਾਂ ਨੂੰ ਵੀ ਨਹੀਂ ਛੱਡਦੀ।’’ ਚਿੰਤਾ ਅਤੇ ਨਿਰਾਸ਼ਾ ਵਾਲੇ ਸ਼ਬਦ ਸੁਕੇਸ਼ ਬਾਬੂ ਨੂੰ ਪੀੜਤ ਕਰਨ ਲੱਗੇ।

‘‘…ਤਾਂ ਹੋਰ ਕੀ ਖ਼ਬਰ ਹੈ?’’ ਉਹ ਦਲੀਪ ਦਾ ਮੂੰਹ ਵੇਖਣ ਲੱਗੇ।

‘‘ਬਾਰਾਂ ਵਜੇ ਤੱਕ ਲਾਸ਼ ਆਵੇਗੀ, ਉਸ ਪਿੱਛੋਂ ਸ਼ਮਸ਼ਾਨਘਾਟ ਲੈ ਜਾਣਗੇ।’’ ਕਹਿ ਕੇ ਦਲੀਪ ਜਾਣ ਲਈ ਉੱਠ ਖੜ੍ਹਾ ਹੋਇਆ।

‘‘ਦਲੀਪ, ਤੂੰ ਹੇਠਾਂ ਹੀ ਰਹੀਂ… ਦੱਸ ਦੇਵੀਂ,’’ ਸੁਜਾਤਾ ਨੇ ਕਿਹਾ।

‘‘ਮੈਂ ਜਾਂਦਾ ਹਾਂ, ਘੋਸ਼ ਦੇ ਘਰੇ,’’ ਪੈਰਾਂ ਵਿੱਚ ਚੱਪਲ ਪਾਉਂਦਿਆਂ ਸੁਕੇਸ਼ ਬਾਬੂ ਬੋਲੇ।

‘‘ਪਰ ਹੁਣੇ ਜਾਣ ਦਾ ਕੀ ਫ਼ਾਇਦਾ? ਘਰੇ ਤਾਂ ਕੋਈ ਨ੍ਹੀਂ ਹੋਣਾ।’’

‘‘ਸਾਹਿਬ, ਮੇਮ ਸਾਹਿਬ ਠੀਕ ਕਹਿ ਰਹੇ ਨੇ, ਹੁਣ ਘਰ ਵਿੱਚ ਕੋਈ ਨਹੀਂ ਹੈ,’’ ਦਿਲੀਪ ਨੇ ਸੁਜਾਤਾ ਦੀ ਗੱਲ ਦੀ ਪ੍ਰੋੜਤਾ ਕੀਤੀ।

‘‘ਠੀਕ ਹੈ, ਤੂੰ ਜਾਹ।’’

ਸੁਜਾਤਾ ਦੇ ਜ਼ੋਰ ਦੇਣ ’ਤੇ ਅਣਮੰਨੇ ਮਨ ਨਾਲ ਸੁਕੇਸ਼ ਬਾਬੂ ਨਾਸ਼ਤੇ ਦੀ ਮੇਜ਼ ’ਤੇ ਆ ਕੇ ਬਹਿ ਗਏ। ਪਰ ਪਹਿਲੀ ਹੀ ਬੁਰਕੀ ਗਲ਼ ਵਿੱਚ ਅੜ ਗਈ। ਪਲੇਟ ਛੱਡ ਕੇ ਉੱਠ ਖੜ੍ਹੇ ਹੋਏ।

‘‘ਮੇਰਾ ਖਾਣ ਨੂੰ ਚਿੱਤ ਨਹੀਂ ਕਰਦਾ।’’

‘‘ਇਉਂ ਕਿਵੇਂ… ਅਜੇ ਤੁਸੀਂ ਦਵਾਈ ਵੀ ਲੈਣੀ ਹੈ। ਭੁੱਖੇ ਢਿੱਡ ਕਿਵੇਂ ਲਵੋਗੇ ਦਵਾਈ?’’

‘‘ਠੀਕ ਹੈ, ਮੇਰੇ ਲਈ ਅੱਧਾ ਗਲਾਸ ਸੱਤੂ ਬਣਾ ਦੇ।’’

ਅੰਦਰ ਜਾ ਕੇ ਸੁਕੇਸ਼ ਬਾਬੂ ਆਰਾਮ ਕੁਰਸੀ ’ਤੇ ਲੇਟ ਗਏ।

ਹਰ ਰੋਜ਼ ਨਾਸ਼ਤੇ ਪਿੱਛੋਂ ਝਪਕੀ ਲੈਣ ਦੀ ਆਦਤ ਹੈ, ਪਰ ਅੱਜ ਪਲਕਾਂ ਨਹੀਂ ਝਪਕ ਰਹੀਆਂ। ਸਾਹਮਣੇ ਖਾਲੀ ਕੰਧ ’ਤੇ ਇੱਕ ਟਕ ਵੇਖਣ ਲੱਗੇ। ਅੱਜ ਕੰਧ ’ਤੇ ਕੋਈ ਤਸਵੀਰ ਨਹੀਂ ਲੱਭ ਸਕੇ। ਹੁਣ ਤੋਂ ਪਹਿਲਾਂ ਅਕਸਰ ਬੈਠੇ-ਬੈਠੇ ਬੱਚਿਆਂ ਵਾਂਗ ਖ਼ੁਸ਼ੀ ਨਾਲ ਚੀਕ ਉਠਦੇ ਸਨ: ‘‘ਸੁਜਾਤਾ ਛੇਤੀ ਆ! ਵੇਖ ਕੰਧ ’ਤੇ ਇਹ ਕਿੰਨਾ ਸੋਹਣਾ ਮੋਰ ਦਿਸ ਰਿਹਾ ਹੈ…।’’ ਕਦੇ ਉਨ੍ਹਾਂ ਨੂੰ ਬੱਦਲ ਦਿਸਦਾ, ਕਦੇ ਕਲਗੀ ਵਾਲਾ ਬੈਂਗਣ, ਗਾਂਧੀ ਜੀ ਦਾ ਚਰਖਾ ਤੇ ਕਦੇ ਨੱਚਦੀ ਹੋਈ ਔਰਤ ਤੇ ਕਦੇ ਗੁਬਾਰੇ ਉਡਾਉਂਦਾ ਮੁੰਡਾ।

ਸੁਜਾਤਾ ਉਨ੍ਹਾਂ ਦੇ ਇਸ ਅਨੋਖੇ ਸ਼ੌਕ ’ਤੇ ਹੱਸ ਪੈਂਦੀ ਅਤੇ ਮਖੌਲਾਂ ਉਡਾਉਂਦੀ- ਪਤਾ ਨਹੀਂ ਕਿੱਥੋਂ ਇਹ ਅਜੀਬ ਸ਼ੌਕ ਪਾਲ ਲਿਆ ਹੈ! ਉਹ ਹੱਸ ਕੇ ਬਚਪਨ ਵਿੱਚ ਪੜ੍ਹੀ ਕਹਾਣੀ ਦਾ ਹਵਾਲਾ ਦਿੰਦੇ। ਪਰ ਅੱਜ ਉਨ੍ਹਾਂ ਦੀ ਕਲਪਨਾ ਪਤਾ ਨਹੀਂ ਕਿੱਥੇ ਗੁਆਚ ਗਈ ਹੈ।

‘‘ਕੀ ਸੋਚ ਰਹੇ ਹੋ?’’ ਨਰਮ ਆਵਾਜ਼ ਵਿੱਚ ਸੁਜਾਤਾ ਨੇ ਪੁੱਛਿਆ।

‘‘ਕੁਝ ਨਹੀਂ। ਕਰੋਨਾ ਨੇ ਤਾਂ ਦਿਮਾਗ਼ ਸੁੰਨ ਕਰ ਦਿੱਤਾ ਹੈ। ਪਰਸੋਂ ਤੋਂ ਤਿਵਾੜੀ ਵੀ ਹੌਸਪਿਟਲਾਈਜ਼ਡ ਹੈ।’’

‘‘ਕੌਣ, ਸਾਡੀ ਸੁਸਾਇਟੀ ਦੇ ਪ੍ਰਧਾਨ?’’

‘‘ਹਾਂ।’’

‘‘ਕੀ ਉਨ੍ਹਾਂ ਨੂੰ ਵੀ ਕਰੋਨਾ…?’’

‘‘ਨਹੀਂ ਨਹੀਂ, ਉਨ੍ਹਾਂ ਨੂੰ ਡਾਇਰੀਆ ਹੋਇਆ ਹੈ… ਡੀਹਾਈਡਰੇਸ਼ਨ…।’’

‘‘ਸ਼ੁਕਰ ਹੈ,’’ ਸੁਜਾਤਾ ਨੇ ਇੱਕ ਲੰਮਾ ਸਾਹ ਲਿਆ।

‘‘ਅੱਛਾ ਸੁਣ, ਬਾਰਾਂ ਵਜੇ ਘੋਸ਼ ਦੀ ਲਾਸ਼ ਆਵੇਗੀ। ਮੈਨੂੰ ਹੇਠਾਂ ਜਾਣਾ ਚਾਹੀਦਾ ਹੈ ਨਾ!’’ ਸਾਰੀ ਜ਼ਿੰਦਗੀ ਆਪ ਫ਼ੈਸਲਾ ਲੈਣ ਵਾਲੇ, ਪਤਨੀ ਦੀ ਹਰ ਸੁਲਾਹ ਨੂੰ ਮੁੱਢੋਂ ਹੀ ਰੱਦ ਕਰਨ ਵਾਲੇ ਸੁਕੇਸ਼ ਬਾਬੂ ਅਣਜਾਣ ਬੱਚੇ ਵਾਂਗ ਮੂੰਹ ਬਣਾਈ ਸੁਜਾਤਾ ਵੱਲ ਵੇਖ ਰਹੇ ਸਨ।

‘‘ਕੀ ਕਰਾਂ? ਮੈਨੂੰ ਹੇਠਾਂ ਜਾਣਾ ਚਾਹੀਦਾ ਹੈ ਕਿ ਨਹੀਂ?’’ ਉਨ੍ਹਾਂ ਨੇ ਪ੍ਰਸ਼ਨ ਨੂੰ ਦੁਹਰਾਇਆ।

‘‘ਬਿਲਕੁਲ, ਤੁਹਾਨੂੰ ਜਾਣਾ ਹੀ ਚਾਹੀਦਾ ਹੈ, ਤੁਹਾਡੀ ਕਿੰਨੀ ਦੋਸਤੀ ਸੀ, ਘੰਟਿਆਂ-ਬੱਧੀ ਫੋਨ ’ਤੇ ਗੱਲਾਂ ਕਰਦੇ ਰਹਿੰਦੇ ਸੀ, ਕੈਂਪਸ ਵਿੱਚ ਇਕੱਠੇ ਸੈਰ ਕਰਦੇ ਸੀ…।’’

‘‘ਕਿੰਨਾ ਮਸਤ ਬੰਦਾ ਸੀ ਘੋਸ਼! ਜਿੱਥੇ ਬਹਿੰਦਾ, ਫੁਲਝੜੀਆਂ ਛੱਡਦਾ, ਡਾਇਬਿਟੀਜ਼ ਸੀ, ਪਰ ਭੈੜਾ ਮਿਠਾਈ ਖਾਣ ਤੋਂ ਬਾਜ਼ ਨਹੀਂ ਆਉਂਦਾ ਸੀ, ਜਦੋਂ ਵੀ ਨਾਨ-ਵੈੱਜ ਗੱਲ ਕਰਨੀ ਹੁੰਦੀ, ਮੈਨੂੰ ਫੋਨ ਕਰਦਾ। ਇੱਕ ਨੰਬਰ ਦਾ ਮਖੌਲੀਆ ਅਤੇ ਜ਼ਿੰਦਾਦਿਲ ਸੀ… ਪਰ ਧੋਖੇਬਾਜ਼… ਝੱਟ ਹੱਥ ਛੁਡਾ ਕੇ ਚਲਾ ਗਿਆ।’’

ਸੁਕੇਸ਼ ਦੇ ਚਿਹਰੇ ’ਤੇ ਪਲ ਭਰ ਲਈ ਆਈ ਖ਼ੁਸ਼ੀ ਦੀ ਚਮਕ ਬੁਝ ਗਈ।

ਇੱਕ ਲੰਮਾ ਸਾਹ ਖਿੱਚ ਕੇ ਬੋਲੇ, ‘‘ਬੜੀ ਰੜਕੇਗੀ ਉਹਦੀ ਕਮੀ…’’

‘‘ਇਸੇ ਲਈ ਤਾਂ ਕਹਿੰਦੀ ਹਾਂ ਆਪਣਾ ਧਿਆਨ ਰੱਖਿਆ ਕਰੋ, ਜਦੋਂ ਵੇਖੋ ਅੱਜਕੱਲ੍ਹ ਵੀ ਸੈਰ ਕਰਨ ਲਈ ਹੇਠਾਂ ਉਤਰਨ ਦੀ ਜ਼ਿੱਦ ਕਰਦੇ ਹੋ।’’ ਸੁਜਾਤਾ ਨੂੰ ਝਿੜਕਣ ਦਾ ਮੌਕਾ ਮਿਲ ਗਿਆ।

‘‘ਅੱਛਾ, ਮੇਰੇ ਸੈਰ ਕਰਨ ’ਤੇ ਇੰਨਾ ਰੌਲਾ… ਅਤੇ ਜੋ ਹੁਣੇ ਮੈਨੂੰ ਕਹਿ ਰਹੀ ਹੈਂ ਕਿ ਮੈਂ ਹੇਠਾਂ ਚਲਾ ਜਾਵਾਂ… ਫਿਰ ਮੈਨੂੰ ਕੁਝ ਨਹੀਂ ਹੋਵੇਗਾ?’’ ਸੁਕੇਸ਼ ਬਾਬੂ ਦੀ ਦੁਬਿਧਾ ਖਿਝ ਵਿੱਚ ਬਦਲ ਗਈ। ਨਾ ਚਾਹੁੰਦਿਆਂ ਵੀ ਉਲਟਾ ਪਤਨੀ ’ਤੇ ਹੀ ਵਰ੍ਹ ਪਏ।

‘‘ਅਹਿ ਲਓ! ਮੇਰੇ ’ਤੇ ਹੀ ਟੁੱਟ ਪਏ, ਤੁਹਾਨੂੰ ਸਮਝ ਨਹੀਂ ਆਉਂਦਾ। ਹੁਣ ਤਾਂ ਸੋਗ ਦਾ ਮਾਮਲਾ ਹੈ, ਕਿਵੇਂ ਕਹਾਂ ਕਿ ਨਾ ਜਾਓ… ਹਾਂ, ਪਰ ਖ਼ਿਆਲ ਰੱਖਣਾ, ਮਾਸਕ ਲਾ ਕੇ ਜਾਇਓ, ਗਲੱਵਜ਼ ਵੀ ਪਹਿਨ ਲੈਣੇ। ਤੁਹਾਨੂੰ ਤਾਂ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਭੁੱਲਿਓ ਨਾ, ਹਮੇਸ਼ਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ।’’

ਸੁਜਾਤਾ ਇੱਕੋ ਸਾਹ ਵਿੱਚ ਗਰਮ ਹੋ ਕੇ ਨਰਮ ਹੋ ਗਈ। ਜਾਣਦੀ ਹੈ ਪਤੀ ਦੀ ਝੁੰਜਲਾਹਟ, ਵਿਚਾਰੇ ਕੁਝ ਫ਼ੈਸਲਾ ਨਹੀਂ ਕਰ ਸਕਦੇ। ਮਨ ਦੋਸਤ ਦੀ ਰੂਹ ਵੱਲ ਧੱਕਦਾ ਹੈ, ਦਿਮਾਗ਼ ਤਨ ਨੂੰ ਦੋ ਗਜ਼ ਪਿੱਛੇ ਖਿੱਚਦਾ ਹੈ।

‘‘ਤਾਂ ਫਿਰ ਛੱਡ ਪਰ੍ਹਾਂ, ਮੈਂ ਨਹੀਂ ਜਾਂਦਾ, ਉੱਥੇ ਭੀੜ ਹੋਵੇਗੀ… ਸੋਸ਼ਲ ਡਿਸਟੈਂਸਿੰਗ ਨਹੀਂ ਰਹਿ ਸਕੇਗੀ।’’ ਉਨ੍ਹਾਂ ਦੇ ਚਿਹਰੇ ’ਤੇ ਅਸੁਰੱਖਿਆ ਦਾ ਡਰ ਭਾਰੂ ਸੀ।

‘‘ਤਾਂ ਹੁਣ ਜ਼ਰਾ ਸਾਵਧਾਨ ਰਹਿਣਾ, ਦੂਰੀ ਬਣਾ ਕੇ ਰੱਖੋਗੇ ਤਾਂ ਕੁਝ ਨਹੀਂ ਹੋਵੇਗਾ।’’ ਸੁਜਾਤਾ ਨੇ ਕੁਝ ਹੌਸਲਾ ਉਨ੍ਹਾਂ ਦੇ ਸੁੱਕਦੇ-ਮੁਰਝਾਉਂਦੇ ਵਿਸ਼ਵਾਸ ਨੂੰ ਦਿੱਤਾ।

‘‘ਕਰਨਾ ਕੀ ਹੈ, ਬਸ ਦੂਰੋਂ ਘੋਸ਼ ਬਾਬੂ ਦੇ ਦਰਸ਼ਨ ਕਰ ਕੇ ਮੁੜ ਆਉਣਾ।’’ ਸੁਜਾਤਾ ਜਾਣਦੀ ਸੀ ਕਿ ਦੋਸਤ ਨੂੰ ਵੇਖੇ ਬਿਨਾਂ ਪਤੀ ਦੀਆਂ ਆਉਣ ਵਾਲੀਆਂ ਕਿੰਨੀਆਂ ਹੀ ਰਾਤਾਂ ਉਨੀਂਦਰੀਆਂ ਬੀਤਣਗੀਆਂ।

‘‘ਨਹੀਂ… ਨਹੀਂ, ਮੈਂ ਸੋਚਦਾ ਹਾਂ, ਮੇਰਾ ਨਾ ਜਾਣਾ ਹੀ ਠੀਕ ਰਹੇਗਾ…।’’

ਸੁਕੇਸ਼ ਬਾਬੂ ਫੈਸਲਾਕੁਨ ਆਵਾਜ਼ ਵਿੱਚ ਬੋਲੇ। ਉਨ੍ਹਾਂ ਦੇ ਮੱਥੇ ’ਤੇ ਮੁੜ੍ਹਕੇ ਦੀਆਂ ਬੂੰਦਾਂ ਚਮਕਣ ਲੱਗੀਆਂ। ਮਨ ਵਿੱਚ ਉਲਝਣ ਦਾ ਜਵਾਰਭਾਟਾ ਉੱਛਲ ਰਿਹਾ ਸੀ। ਉਸੇ ਦੇ ਕੁਝ ਛਿੱਟੇ ਮੱਥੇ ’ਤੇ ਛੋਟੀਆਂ-ਛੋਟੀਆਂ ਬੂੰਦਾਂ ਬਣ ਕੇ ਉੱਭਰ ਆਏ ਸਨ। ਚਿਹਰੇ ’ਤੇ ਚਿੰਤਾ ਦੇ ਬੱਦਲ ਘਿਰ ਆਏ। 

‘‘ਕਿਤੇ ਮੈਨੂੰ ਕੁਝ ਹੋ ਗਿਆ ਤਾਂ… ਬੱਚੇ ਵੀ ਹਜ਼ਾਰਾਂ ਮੀਲ ਦੂਰ ਨੇ… ਨਹੀਂ, ਨਹੀਂ… ਮੇਰਾ ਨਾ ਜਾਣਾ ਹੀ ਠੀਕ ਹੈ।’’

‘‘ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ!’’ ਸੁਜਾਤਾ ਕੋਈ ਦਬਾਅ ਨਹੀਂ ਪਾਉਣਾ ਚਾਹੁੰਦੀ ਸੀ। ਮਨ ਵਿੱਚ ਪਤੀ ਦੀ ਉਮਰ ਅਤੇ ਬਲੱਡ ਪ੍ਰੈਸ਼ਰ ਨੂੰ ਲੈ ਕੇ ਚਿਤਾਵਨੀ ਦੀ ਘੰਟੀ ਵੱਜ ਰਹੀ ਸੀ।

ਪੌਣੇ ਬਾਰਾਂ ਵਜੇ ਹੀ ਕੁਰਸੀ ਡਾਹ ਕੇ ਸੁਕੇਸ਼ ਬਾਬੂ ਆਪਣੀ ਬਾਲਕੋਨੀ ਵਿੱਚ ਬਹਿ ਗਏ ਅਤੇ ਟਿਕਟਿਕੀ ਲਾ ਕੇ ਹੇਠਾਂ ਆਉਂਦੀਆਂ-ਜਾਂਦੀਆਂ ਇੱਕਾ-ਦੁੱਕਾ ਗੱਡੀਆਂ ਨੂੰ ਵੇਖਣ ਲੱਗੇ।

‘‘ਕੋਈ ਨਾ ਕੋਈ ਐਂਬੂਲੈਂਸ ਹੀ ਆਵੇਗੀ ਡੈੱਡ-ਬੌਡੀ ਲੈ ਕੇ…’’ ਆਪਣੇ ਆਪ ਨਾਲ ਗੱਲਾਂ ਕਰਦਿਆਂ ਬੇਚੈਨ ਨਜ਼ਰਾਂ ਸੁਸਾਇਟੀ ਦੇ ਦਰਵਾਜ਼ੇ ’ਤੇ ਟਿਕ ਗਈਆਂ।

‘‘ਚੱਲੋ ਨਾ ਅੰਦਰ! ਕਿਉਂ ਗਰਮੀ ਵਿੱਚ ਬੈਠੇ ਹੋ?’’

‘‘ਹੁਣ ਮੈਂ ਇੱਥੇ ਵੀ ਨਾ ਬੈਠਾਂ? ਘੋਸ਼ ਮੇਰਾ ਦੋਸਤ ਸੀ। ਤੂੰ ਕੀ ਚਾਹੁੰਦੀ ਏਂ… ਪੱਥਰ ਬਣ ਜਾਵਾਂ?’’ ਉਨ੍ਹਾਂ ਦੀ ਆਵਾਜ਼ ਵਿੱਚ ਡੂੰਘੀ ਤੜਪ ਵੇਖ ਕੇ ਸੁਜਾਤਾ ਡਰ ਗਈ। ਸੁਕੇਸ਼ ਬਾਬੂ ਦੀਆਂ ਅੱਖਾਂ ਮੱਚ ਰਹੀਆਂ ਸਨ।

‘‘ਤੁਸੀਂ ਸ਼ਾਂਤ ਹੋ ਜਾਓ… ਮੇਰਾ ਮਤਲਬ ਸੀ ਇੱਥੇ ਬੜੀ ਗਰਮੀ ਹੈ, ਐਂਬੂਲੈਂਸ ਆਵੇਗੀ ਤਾਂ ਅੰਦਰ ਆਵਾਜ਼ ਸੁਣ ਜਾਵੇਗੀ… ਫਿਰ ਮੈਂ ਦਲੀਪ ਨੂੰ ਕਿਹਾ ਹੈ ਨਾ, ਖ਼ਬਰ ਦੇਣ ਲਈ…।’’

‘‘ਬਸ, ਮੈਂ ਠੀਕ ਹਾਂ, ਤੂੰ ਜਾਹ।’’ ਰੁੱਖੀ ਆਵਾਜ਼ ਵਿੱਚ ਸੁਕੇਸ਼ ਬਾਬੂ ਬੋਲੇ। ਸੁਜਾਤਾ ਜਾਣ ਦੀ ਥਾਂ ਇੱਕ ਕੁਰਸੀ ਖਿੱਚ ਕੇ ਉਨ੍ਹਾਂ ਦੇ ਕੋਲ ਹੀ ਬਹਿ ਗਈ।

‘‘ਉਫ਼! ਕਰੋਨਾ ਨੇ ਤਾਂ ਦੁਨੀਆਂ ਹੀ ਲੁੱਟ ਲਈ ਹੈ… ਆਪਣੇ ਵੀ ਪਰਾਏ ਹੋ ਗਏ ਨੇ! ਵੇਖੋ, ਹੇਠਾਂ ਕੋਈ ਵਿਖਾਈ ਨਹੀਂ ਦੇ ਰਿਹਾ। ਸੁਸਾਇਟੀ ਦੇ ਲੋਕਾਂ ਨੂੰ ਕੀ ਪਤਾ ਨਹੀਂ ਹੈ?’’ ਕੈਂਪਸ ਦਾ ਸੁੰਨਾਪਣ ਉਨ੍ਹਾਂ ਨੂੰ ਬੋਝਲ ਲੱਗ ਰਿਹਾ ਸੀ।

‘‘ਪਤਾ ਨ੍ਹੀਂ ਕਿਵੇਂ ਹੋਵੇਗਾ, ਪਰ ਅਜਿਹੇ ਵੇਲੇ ਸਾਰੇ ਮੌਕੇ ’ਤੇ ਹੀ ਆਉਣਗੇ,’’ ਸੁਜਾਤਾ ਨੇ ਦਲੀਲ ਦਿੱਤੀ। 

ਕਰੀਬ ਸਾਢੇ ਬਾਰਾਂ ਵਜੇ ਐਂਬੂਲੈਂਸ ਆਈ। ਪਰ ਨਾ ਦਰਵਾਜ਼ਾ ਖੁੱਲ੍ਹਿਆ, ਨਾ ਡੈੱਡ-ਬੌਡੀ ਲਾਹੀ ਗਈ। ਉਦੋਂ ਹੀ ਡਰਾਈਵਰ ਗੱਡੀ ਤੋਂ ਉਤਰਿਆ ਅਤੇ ਪਾਰਕਿੰਗ ਵਿੱਚ ਜਾ ਕੇ ਕਿਸੇ ਨਾਲ ਗੱਲਾਂ ਕਰਨ ਲੱਗਿਆ। ਸੁਕੇਸ਼ ਅਤੇ ਸੁਜਾਤਾ ਬੇਚੈਨੀ ਨਾਲ ਵੇਂਹਦੇ ਰਹਿ ਗਏ। ਦਸ ਮਿੰਟਾਂ ਪਿੱਛੋਂ ਡਰਾਈਵਰ ਆਇਆ ਅਤੇ ਉਸ ਨੇ ਐਂਬੂਲੈਂਸ ਬੈਕ ਕਰ ਕੇ ਮੋੜੀ। ਪਾਰਕਿੰਗ ’ਚੋਂ ਇੱਕ ਹੋਰ ਗੱਡੀ ਨਿਕਲੀ ਜਿਸ ਵਿੱਚ ਘੋਸ਼ ਬਾਬੂ ਦਾ ਭਤੀਜਾ ਅਤੇ ਸਾਲ਼ਾ ਦੋ ਹੋਰ ਬੰਦਿਆਂ ਨਾਲ ਬੈਠੇ ਸਨ। ਐਂਬੂਲੈਂਸ ਦੇ ਪਿੱਛੇ-ਪਿੱਛੇ ਇਹ ਗੱਡੀ ਵੀ ਸੁਸਾਇਟੀ ਦੇ ਮੁੱਖ ਗੇਟ ਵੱਲ ਵਧ ਗਈ। ਪ੍ਰਸ਼ਾਸਨ ਨੇ ਸਸਕਾਰ ਲਈ ਸਿਰਫ਼ ਪੰਜ ਜਣਿਆਂ ਦੀ ਗਿਣਤੀ ਨਿਸ਼ਚਿਤ ਕੀਤੀ ਹੈ ਜਿਸ ਦੀ ਉਲੰਘਣਾ ਦੰਡਯੋਗ ਅਪਰਾਧ ਹੈ।

ਬਾਲਕੋਨੀ ਵਿੱਚ ਬੈਠਾ ਜੋੜਾ ਹੈਰਾਨ ਸਨ। ਸੁਸਾਇਟੀ ਦਾ ਇੱਕ ਵੀ ਬੰਦਾ ਘੋਸ਼ ਬਾਬੂ ਨੂੰ ਵਿਦਾ ਕਰਨ ਨਹੀਂ ਆਇਆ। ਬਹਰਹਾਲ, ਅੱਧਾ ਦਰਜਨ ਕੁੱਤੇ ਸਵੇਰ ਤੋਂ ਕੈਂਪਸ ਦੇ ਵਿਚਕਾਰ ਬਣੇ ਮੈਦਾਨ ਵਿੱਚ ਚਾਰੇ ਪਾਸੇ ਬੌਖਲਾਏ ਜਿਹੇ ਘੁੰਮ ਰਹੇ ਹਨ। ਇੱਕ-ਇੱਕ ਕਰਕੇ ਸੜਕ ਦੇ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਘੋਸ਼ ਬਾਬੂ ਆਪਣੀ ਖਾਲੀ ਪਏ ਦੂਜੇ ਫਲੈਟ ਵਿੱਚ ਪਨਾਹ ਦਿੰਦੇ ਰਹੇ। ਉਨ੍ਹਾਂ ਨੇ ਇੱਕ ਸਟਾਫ਼ ਮੈਂਬਰ ਨੂੰ ਖ਼ਾਸ ਤੌਰ ’ਤੇ ਇਨ੍ਹਾਂ ਦੀ ਦੇਖਭਾਲ, ਖਾਣ-ਪੀਣ ਅਤੇ ਸਵੇਰੇ-ਸਵੇਰੇ ਘੁੰਮਾਉਣ ਲਈ ਮੁਕੱਰਰ ਕੀਤਾ। ਕਈ ਵਾਰ ਇਹ ਕੁੱਤੇ ਜਾ ਕੇ ਕਿਸੇ ਦੀ ਪਾਰਕਿੰਗ ਵਿੱਚ ਗੰਦਗੀ ਫੈਲਾ ਦਿੰਦੇ ਹਨ ਤੇ ਕਦੇ ਪਿਸ਼ਾਬ ਕਰ ਦਿੰਦੇ ਹਨ। ਰਾਤ ਨੂੰ ਇਨ੍ਹਾਂ ਦੇ ਕੋਰਸ ਵਿੱਚ ਭੌਂਕਣ ’ਤੇ ਵੀ ਕਈ ਲੋਕ ਗਾਲ੍ਹਾਂ ਕੱਢਦੇ ਰਹੇ ਹਨ। ਹਰ ਰੋਜ਼ ਕੋਈ ਨਾ ਕੋਈ ਗੁਆਂਢੀ ਘੋਸ਼ ਬਾਬੂ ਦੇ ਚਹੇਤਿਆਂ ਨੂੰ ਲੈ ਕੇ ਉਨ੍ਹਾਂ ਨਾਲ ਬਹਿਸ ਕਰਦਾ, ਪਰ ਘੋਸ਼ ਬਾਬੂ ਇੱਕ ਕੰਨ ਤੋਂ ਸੁਣ ਕੇ ਦੂਜੇ ਤੋਂ ਕੱਢ ਦਿੰਦੇ। ਇਸ ਦੌਰਾਨ ਬਾਦਸਤੂਰ ਇੱਕ ਮੁਸਕਰਾਹਟ ਉਨ੍ਹਾਂ ਦੇ ਚਿਹਰੇ ’ਤੇ ਚਿਪਕੀ ਰਹਿੰਦੀ।

ਕਹਿੰਦੇ ਹਨ, ਜਾਨਵਰ ਬਿਪਤਾ ਨੂੰ ਇਨਸਾਨਾਂ ਤੋਂ ਵੀ ਜਲਦੀ ਸੁੰਘ ਲੈਂਦਾ ਹੈ। ਸ਼ਾਇਦ ਇਨ੍ਹਾਂ ਬੇਜ਼ੁਬਾਨਾਂ ਨੇ ਵੀ ਆਪਣੇ ਪਾਲਣਹਾਰ ਨਾਲ ਵਾਪਰੀ ਘਟਨਾ ਨੂੰ ਭਾਂਪ ਲਿਆ ਹੈ।

ਐਂਬੂਲੈਂਸ ਦੇ ਸੁਸਾਇਟੀ ਤੋਂ ਨਿਕਲਦਿਆਂ ਹੀ ਸੁਕੇਸ਼ ਬਾਬੂ ਡੁਸਕਣ ਲੱਗੇ। ਆਪਣੇ ਦੋਸਤ ਦੀ ਜੁਦਾਈ ਅਤੇ ਆਪਣੀ ਮਜਬੂਰੀ ’ਤੇ। ਅੱਜ ਲੱਗ ਰਿਹਾ ਹੈ ਮਨ ਦੇ ਨਾਲ-ਨਾਲ ਤਨ ਦੀਆਂ ਨਜ਼ਦੀਕੀਆਂ ਕਿੰਨੀਆਂ ਜ਼ਰੂਰੀ ਹਨ। ਡਿੱਗਦੇ ਦਾ ਹੱਥ ਫੜ ਲੈਣਾ, ਮੌਜ-ਮਸਤੀ ਦੀਆਂ ਗਲਵੱਕੜੀਆਂ, ਟੁੱਟਦੇ ਹੌਸਲਿਆਂ ਵਿੱਚ ਮੋਢੇ ’ਤੇ ਉਮੀਦ ਭਰਿਆ ਨਿੱਘਾ ਹੱਥ। ਕਿੰਨਾ ਜ਼ਰੂਰੀ ਹੈ ਇਹ ਸਭ-ਕੁਝ! ਪਰ… ਪਰ…

‘‘ਸਭ ਛੁੱਟ ਰਿਹਾ ਹੈ ਸੁਜਾਤਾ, ਦੁਨੀਆਂ ਬਦਲ ਗਈ ਹੈ… ਕੀ-ਕੀ ਹੋਣ ਵਾਲਾ ਹੈ!’’ ਉਨ੍ਹਾਂ ਦਾ ਡੁਸਕਣਾ ਤੇ ਰੋਣਾ ਸੁਜਾਤਾ ਨੂੰ ਡਰਾ ਰਿਹਾ ਸੀ। ‘‘ਆਪਣੇ ਆਪ ਨੂੰ ਸੰਭਾਲੋ। ਤਬੀਅਤ ਖ਼ਰਾਬ ਹੋ ਜਾਵੇਗੀ।’’ ਉਹਨੇ ਪਤੀ ਦੇ ਮੋਢੇ ’ਤੇ ਹੱਥ ਰੱਖ ਕੇ ਹੌਲੀ ਜਿਹੀ ਦਬਾਇਆ।

‘‘ਹਾਏ, ਮੈਂ ਕਿੰਨਾ ਸੁਆਰਥੀ ਹੋ ਗਿਆ ਹਾਂ,’’ ਸਵੈ-ਘਿਰਣਾ ਨਾਲ ਉਨ੍ਹਾਂ ਦਾ ਮਨ ਸੜ ਰਿਹਾ ਸੀ। ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਵਾਂਗ ਕਿੰਨੀਆਂ ਹੀ ਬਾਲਕੋਨੀਆਂ ਅਤੇ ਖਿੜਕੀਆਂ ਦੇ ਝਰੋਖਿਆਂ ’ਚੋਂ ਲੋਕੀਂ ਸੀਖਾਂ ਵਿੱਚ ਬੰਦ ਪੰਛੀ ਵਾਂਗ ਲਟਕੇ ਸਨ ਅਤੇ ਸਿੱਲ੍ਹੀਆਂ ਅੱਖਾਂ ਨਾਲ ਘੋਸ਼ ਬਾਬੂ ਨੂੰ ਵਿਦਾ ਕਰ ਰਹੇ ਸਨ। ਸੁਸਾਇਟੀ ’ਚੋਂ ਨਿਕਲੀ ਐਂਬੂਲੈਂਸ ਦੇ ਪਿੱਛੇ ਦੌੜ ਕੇ ਗਏ ਕੁੱਤੇ ਅਜੇ ਵੀ ਮੁੱਖ ਗੇਟ ’ਤੇ ਖੜ੍ਹੇ ਹਨ। ਉਨ੍ਹਾਂ ਦਾ ਇਕੱਠਿਆਂ ਭੌਂਕਣਾ ਹਾਹਾਕਾਰ ਮਚਾ ਰਿਹਾ ਹੈ, ਪਰ ਅੱਜ ਕੋਈ ਉਨ੍ਹਾਂ ਨੂੰ ਰੋਕ ਨਹੀਂ ਰਿਹਾ, ਭਜਾ ਨਹੀਂ ਰਿਹਾ…। 

ਭਾਵਨਾ ਸ਼ੇਖਰ