ਮੁੰਬਈ:
ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਭਰਾ ਕੁਸ਼ ਸਿਨਹਾ ਦੀ ਡਾਇਰੈਕਸ਼ਨ ਹੇਠ ਬਣ ਰਹੀ ਪਲੇਠੀ ਫ਼ਿਲਮ ‘ਨਿਕਿਤਾ ਰੌਏ ਐਂਡ ਬੁੱਕ ਆਫ ਡਾਰਕਨੈੱਸ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਵਿੱਚ ਸੋਨਾਕਸ਼ੀ ਦੇ ਨਾਲ ਅਰਜੁਨ ਰਾਮਪਾਲ, ਪਰੇਸ਼ ਰਾਵਲ, ਸੁਹੇਲ ਨਈਅਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਲੰਡਨ ਵਿੱਚ 40 ਦਿਨਾਂ ਦੀ ਰੱਖੀ ਗਈ ਸੀ, ਪਰ ਇਹ 35 ਦਿਨਾਂ ਵਿੱਚ ਹੀ ਮੁਕਾ ਲਈ ਗਈ ਹੈ। ਇਸ ਤੋਂ ਬਾਅਦ ਮੁੰਬਈ ਵਿੱਚ ਵੀ ਦੋ ਦਿਨਾਂ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ। ਫਿਲਮ ਬਾਰੇ ਗੱਲਬਾਤ ਕਰਦਿਆਂ ਅਦਾਕਾਰਾ ਨੇ ਕਿਹਾ, ‘‘ਸ਼ੂਟਿੰਗ ਬਾਕਮਾਲ ਸੀ ਤੇ ਮੇਰੇ ਲਈ ਇਹ ਬਹੁਤ ਹੀ ਖਾਸ ਪਲ ਸਨ, ਕਿਉਂਕਿ ਮੈਨੂੰ ਆਪਣੇ ਭਰਾ ਦੀ ਪਹਿਲੀ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਫਿਲਮ ਦੌਰਾਨ ਪਹਿਲੀ ਵਾਰ ਪਰੇਸ਼ ਰਾਵਲ ਜੀ ਨਾਲ ਕੰਮ ਕੀਤਾ ਹੈ ਤੇ ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।’’