ਨਸੀਬ ਕੌਰ ਬਹੁਤ ਖੁਸ਼ ਸੀ। ਉਸ ਦੀ ਪੜ੍ਹੀ ਲਿਖੀ ਬੇਟੀ ਪ੍ਰੀਤ ਵਾਸਤੇ ਬਹੁਤ ਹੀ ਵਧੀਆ ਰਿਸ਼ਤਾ ਆਇਆ ਸੀ। ਪ੍ਰੀਤ ਨੇ ਕੈਨੇਡਾ ਦੀ ਵਧੀਆ ਯੂਨੀਵਰਸਿਟੀ ਤੋਂ ਸਾਇੰਸ ਦੀ ਮਾਸਟਰ ਡਿਗਰੀ ਲੈ ਲਈ ਸੀ। ਪ੍ਰੀਤ ਸੋਹਣੀ ਵੀ ਰੱਜ ਕੇ ਸੀ। ਉਸ ਦਾ ਉੱਚਾ ਲੰਬਾ ਕੱਦ, ਤਿੱਖੇ ਨੈਣ ਨਕਸ਼ ਤੇ ਲੰਬੇ ਕਾਲੇ ਵਾਲ ਉਸ ਦੇ ਹੁਸਨ ਨੂੰ ਚਾਰ ਚੰਨ ਲਾ ਰਹੇ ਸਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਉੱਪਰ ਉਹ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਸੱਭਿਆਚਾਰਾਂ ਤੋਂ ਵਾਕਿਫ਼ ਸੀ। ਪੰਜਾਬੀ ਬੋਲ ਲੈਂਦੀ ਸੀ। ਥੋੜ੍ਹਾ ਥੋੜ੍ਹਾ ਲਿਖ ਪੜ੍ਹ ਵੀ ਲੈਂਦੀ ਸੀ। ਨਸੀਬ ਕੌਰ ਦੀ ਉਹ ਇਕਲੌਤੀ ਔਲਾਦ ਸੀ।

ਪ੍ਰੀਤ ਦੋ ਕੁ ਸਾਲਾਂ ਦੀ ਸੀ ਜਦੋਂ ਉਸ ਦਾ ਪਿਤਾ ਇਕ ਸੜਕ ਹਾਦਸੇ ਵਿਚ ਰੱਬ ਨੂੰ ਪਿਆਰਾ ਹੋ ਗਿਆ ਸੀ। ਨਸੀਬ ਕੌਰ ਨੇ ਸਾਰੀ ਉਮਰ ਮਿਹਨਤ ਕਰਕੇ ਆਪਣੀ ਇਸ ਇਕਲੌਤੀ ਧੀ ਦਾ ਪਾਲਣ ਪੋਸ਼ਣ ਕੀਤਾ ਸੀ। ਆਪਣੀ ਧੀ ਨੂੰ ਚੰਗੀ ਵਿਦਿਆ ਦੇ ਕੇ ਕਿਸੇ ਚੰਗੇ ਘਰ ਵਿਆਹੁਣਾ ਹੀ ਉਸ ਦੇ ਜੀਵਨ ਦਾ ਮਕਸਦ ਸੀ।

ਕੁਝ ਦਿਨ ਪਹਿਲਾਂ ਇਕ ਅਮੀਰ ਪਰਿਵਾਰ ਦਾ ਬੇਟਾ ਬਿਕਰਮ, ਪ੍ਰੀਤ ਨਾਲ ਵਿਆਹ ਕਰਵਾਉਣ ਲਈ ਹਾਂ ਕਰ ਗਿਆ। ਬਿਕਰਮ ਦੇ ਮਾਂ ਬਾਪ ਵੀ ਬੇਹੱਦ ਖੁਸ਼ ਸਨ। ਪੜ੍ਹੀ ਲਿਖੀ ਸੋਹਣੀ ਅਤੇ ਦੋਵਾਂ ਸੱਭਿਆਚਾਰਾਂ ਦੀ ਧਾਰਨੀ ਕੁੜੀ ਵਿਚ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਉੱਜਲਾ ਭਵਿੱਖ ਦਿਖਾਈ ਦੇ ਰਿਹਾ ਸੀ। ਇਸ ਤੋਂ ਪਹਿਲਾਂ ਉਹ ਕਿਸੇ ਰਸਮ ਦੀ ਤਾਰੀਖ ਪੱਕੀ ਕਰਦੇ, ਦੋਵਾਂ ਪਰਿਵਾਰਾਂ ਨੇ ਬਿਕਰਮ ਅਤੇ ਪ੍ਰੀਤ ਨੂੰ ਕੁਝ ਦਿਨ ਆਪਸੀ ਗੱਲਬਾਤ ਲਈ ਕੁਝ ਸਮਾਂ ਦੇਣਾ ਬਿਹਤਰ ਸਮਝਿਆ।

ਨਸੀਬ ਕੌਰ ਆਪਣੀ ਧੀ ਪ੍ਰੀਤ ਨੂੰ ਬਾਰ ਬਾਰ ਕਹਿੰਦੀ, “ਅਜਿਹੇ ਰਿਸ਼ਤੇ ਕਰਮਾਂ ਨਾਲ ਮਿਲਦੇ ਹਨ। ਮੇਰੀ ਧੀ ਦੀ ਕਿਸਮਤ ’ਚ ਏਨਾ ਵੱਡਾ ਘਰ! ਏਥੇ ਕੈਨੇਡਾ ਵਿਚ ਉਨ੍ਹਾਂ ਦਾ ਬਥੇਰਾ ਕਾਰੋਬਾਰ ਹੈ ਅਤੇ ਓਧਰ ਭਾਰਤ ਵਿਚ ਵੀ ਬਥੇਰੀ ਜਾਇਦਾਦ ਹੈ। ਦਿੱਲੀ ਏਅਰਪੋਰਟ ਕੋਲ ਇਕ ਹੋਟਲ ’ਚ ਹਿੱਸਾ ਹੈ, ਤੇ ਨਾਲੇ ਉਨ੍ਹਾਂ ਦੀ ਬਹੁਤੀ ਵੱਡੀ ਕਬੀਲਦਾਰੀ ਨਹੀਂ। ਬਿਕਰਮ ਦੀ ਇਕ ਭੈਣ ਹੈ ਅਤੇ ਉਹ ਵਿਆਹੀ ਹੋਈ ਹੈ। ਪੁੱਤ, ਘਰ ’ਚ ਤੇਰਾ ਹੀ ਰਾਜ ਹੋਣਾ ਹੈ।’’

ਪ੍ਰੀਤ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਅਤੇ ਆਪਣੀ ਮਾਂ ਨੂੰ ਖੁਸ਼ ਦੇਖ ਕੇ ਖੁਸ਼ ਵੀ ਹੁੰਦੀ। ਇਕ ਦਿਨ ਬਿਕਰਮ ਨੇ ਪ੍ਰੀਤ ਨੂੰ ਫੋਨ ਕਰਕੇ ਡਿਨਰ ’ਤੇ ਜਾਣ ਲਈ ਕਿਹਾ ਤੇ ਪ੍ਰੀਤ ਨੇ ਹਾਂ ਕਰ ਦਿੱਤੀ। ਪ੍ਰੀਤ ਦੀ ਮਾਂ ਬਹੁਤ ਖੁਸ਼ ਸੀ। ਚਲੋ ਇਸ ਬਹਾਨੇ ਦੋਵੇਂ ਮਿਲ ਗਿਲ ਲੈਣਗੇ। ਪ੍ਰੀਤ ਨੂੰ ਸਜਿਆ ਧੱਜਿਆ ਦੇਖ ਕੇ ਨਸੀਬ ਕੌਰ ਫੁੱਲੀ ਨਹੀਂ ਸੀ ਸਮਾਉਂਦੀ। ਉਸ ਨੂੰ ਇਸ ਗੱਲ ਦਾ ਮਾਣ ਸੀ ਕਿ ਬਿਕਰਮ ਨੇ ਉਸ ਦੀ ਧੀ ਨੂੰ ਦੇਖਣ ਸਾਰ ਹੀ ਹਾਂ ਕਰ ਦਿੱਤੀ ਸੀ।

ਡਿਨਰ ਤੋਂ ਬਾਅਦ ਪ੍ਰੀਤ ਜਦੋਂ ਘਰ ਆਈ ਤਾਂ ਨਸੀਬ ਕੌਰ ਪ੍ਰੀਤ ਦੇ ਉਦਾਸ ਚਿਹਰੇ ਵੱਲ ਤਕ ਕੇ ਸੋਚੀਂ ਪੈ ਗਈ।

“ਕੀ ਗੱਲ ਹੋਵੇਗੀ? ਬਿਕਰਮ ਨੇ ਕੁਝ ਆਖ ਦਿੱਤਾ ਹੋਣਾ ਹੈ ? ਪ੍ਰੀਤ ਕੋਲੋਂ ਪੁੱਛੇ ਕਿ ਨਾ? ਕੀ ਹੋ ਸਕਦਾ ਹੈ, ਕੀ ਨਹੀਂ ਹੋ ਸਕਦਾ।’’ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਪਈ।

ਇਸ ਤਰ੍ਹਾਂ ਦੀਆਂ ਸੋਚਾਂ ਵਿਚ ਨਸੀਬ ਕੌਰ ਨੂੰ ਨੀਂਦ ਕਿਵੇਂ ਆ ਸਕਦੀ ਸੀ? ਪ੍ਰੀਤ ਵੀ ਤਾਂ ਕੁਝ ਕਹੇ ਬਗੈਰ ਆਪਣੇ ਕਮਰੇ ’ਚ ਚਲੀ ਗਈ ਸੀ।

ਕਿਵੇਂ ਨਾ ਕਿਵੇਂ ਰਾਤ ਬੀਤ ਗਈ। ਨਸੀਬ ਕੌਰ ਨੇ ਇਸ਼ਨਾਨ ਕਰਕੇ ਰੋਜ਼ਾਨਾ ਦੀ ਤਰ੍ਹਾਂ ਪਾਠ ਕੀਤਾ ਤੇ ਪ੍ਰੀਤ ਦੇ ਜਾਗਣ ਦੀ ਉਡੀਕ ਕਰਨ ਲੱਗੀ। ਐਤਵਾਰ ਦਾ ਦਿਨ ਹੋਣ ਕਰਕੇ ਪ੍ਰੀਤ ਨੇ ਕੁਝ ਦੇਰ ਨਾਲ ਹੀ ਜਾਗਣਾ ਸੀ।

ਪ੍ਰੀਤ ਹਮੇਸ਼ਾਂ ਦੀ ਤਰ੍ਹਾਂ ਉੱਠੀ। ਨਹਾ ਧੋ ਕੇ ਆਪਣੀ ਮਾਂ ਕੋਲ ਰਸੋਈ ਵਿਚ ਆ ਗਈ। ਨਸੀਬ ਕੌਰ ਨੇ ਪ੍ਰੀਤ ਨੂੰ ਪਿਆਰ ਕੀਤਾ ਤੇ ਗਲਵੱਕੜੀ ਪਾਈ। ਦੋਵੇਂ ਜਣੀਆਂ ਰਸੋਈ ਤੋਂ ਬਾਹਰ ਆ ਸੋਫੇ ’ਤੇ ਬੈਠ ਗਈਆਂ। ਨਸੀਬ ਕੌਰ ਨੇ ਦੇਖਿਆ ਕਿ ਹੁਣ ਪ੍ਰੀਤ ਦਾ ਮੂਡ ਰਾਤ ਨਾਲੋਂ ਠੀਕ ਲੱਗਦੈ, ਇਸ ਲਈ ਉਸ ਨੇ ਗੱਲ ਤੋਰ ਲਈ।

‘‘ਕੀ ਹਾਲ ਹੈ ਬਿਕਰਮ ਦਾ? ਪੁੱਤ ਰੱਬ ਨੇ ਸੁਣ ਲਈ ਮੇਰੀ ਤਾਂ, ਤੇਰਾ ਪਿਓ ਵੀ ਉੱਪਰ ਬੈਠਾ ਖੁਸ਼ ਹੁੰਦਾ ਹੋਣੈ ਬਈ ਉਹਦੀ ਧੀ ਏਨੇ ਅਮੀਰ ਘਰ ਜਾ ਰਹੀ ਹੈ। ਰੱਬ ਨੇ ਸੁਣ ਲਈ ਸਾਡੀ।” ਨਸੀਬ ਕੌਰ ਪ੍ਰੀਤ ਦਾ ਜਵਾਬ ਸੁਣੇ ਬਗੈਰ ਹੀ ਸਭ ਕੁਝ ਕਹਿ ਗਈ।

ਪ੍ਰੀਤ ਨੇ ਡੂੰਘਾ ਸਾਹ ਲਿਆ ਤੇ ਮਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿਣ ਲੱਗੀ, “ਮੰਮੀ ਮੈਨੂੰ ਬਿਕਰਮ ਪਸੰਦ ਨਹੀਂ।’’

“ਹੈਂ! ਤੂੰ ਇਹ ਕੀ ਕਹਿ ਦਿੱਤਾ? ਕੀ ਨੁਕਸ ਹੈ ਮੁੰਡੇ ਵਿਚ। ਸੋਹਣਾ ਸੁਨੱਖਾ, ਏਨੀ ਜਾਇਦਾਦ ਦਾ ਇਕਲੌਤਾ ਵਾਰਿਸ। ਬਿਕਰਮ ਦੇ ਮਾਂ ਪਿਓ ਤੈਨੂੰ ਦੇਖਣ ਸਾਰ ਹੀ ਆਪਣਾ ਬਣਾ ਗਏ ਹਨ।’’ ਨਸੀਬ ਕੌਰ ਬੇਹੋਸ਼ ਹੋਣ ਵਾਲੀ ਹੋ ਗਈ।

“ਹਾਂ! ਮੰਮੀ, ਇਹ ਸਾਰੀਆਂ ਗੱਲਾਂ ਤਾਂ ਠੀਕ ਹਨ, ਪਰ ਮੈਂ ਬਿਕਰਮ ਨਾਲ ਵਿਆਹ ਨਹੀਂ ਕਰਵਾਉਣਾ।’’

“ਉਹ ਕਿਉਂ?”

“ਮੰਮੀ! ਬਿਕਰਮ ਨੂੰ ਆਪਣੇ ਪੈਸੇ ਦਾ ਬਹੁਤ ਮਾਣ ਹੈ। ਰਾਤ ਜਦੋਂ ਮੈਂ ਤੇ ਬਿਕਰਮ ਡਿਨਰ ’ਤੇ ਗਏ ਤਾਂ ਜਿਸ ਤਰ੍ਹਾਂ ਉਹ ਵੇਟਰਸ ਨੂੰ ਬੋਲਿਆ, ਉਹ ਮੈਨੂੰ ਜ਼ਰਾ ਵੀ ਚੰਗਾ ਨਹੀਂ ਲੱਗਿਆ। ਮੇਰੇ ਨਾਲ ਤਾਂ ਠੀਕ ਸੀ, ਪਰ ਉਸ ਵਿਚਾਰੀ ਵੇਟਰਸ ਨਾਲ ਉਸ ਦੇ ਕੀਤੇ ਵਤੀਰੇ ’ਚੋਂ ਉਸ ਦੀ ਅਮੀਰੀ, ਉਸ ਦੇ ਪੈਸਿਆਂ ਦੀ ਬਦਬੋ ਆ ਰਹੀ ਸੀ। ਮੈਨੂੰ ਇਸ ਤਰ੍ਹਾਂ ਦੇ ਬੰਦੇ ਬਿਲਕੁਲ ਵੀ ਪਸੰਦ ਨਹੀਂ ਜੋ ਆਪਣੀ ਅਮੀਰੀ ਦੇ ਨਸ਼ੇ ਵਿਚ ਲੋਕਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ। ਬਿਕਰਮ ਨੂੰ ਪਤਾ ਨਹੀਂ ਕਿ ਕਿਸੇ ਔਰਤ ਨਾਲ ਕਿਵੇਂ ਗੱਲ ਕਰਨੀ ਹੈ। ਜਿਸ ਢੰਗ ਨਾਲ ਉਹ ਵੇਟਰਸ ਕੁੜੀ ਨਾਲ ਬੋਲਿਆ, ਉਸ ਦੇ ਬੋਲਾਂ ’ਚ ਉਸ ਦਾ ਪੈਸਾ ਬੋਲ ਰਿਹਾ ਸੀ। ਪੈਸੇ ਦੀ ਬਦਬੋ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ।’’ ਪ੍ਰੀਤ ਨੇ ਇਕ ਟੁੱਕ ਜਵਾਬ ਸੁਣਾ ਦਿੱਤਾ।

ਪ੍ਰੀਤ ਦੇ ਮੂੰਹੋ ਇਹ ਬੋਲ ਸੁਣ ਕੇ ਨਸੀਬ ਕੌਰ ਨੂੰ ਆਪਣੀ ਧੀ ਦੀ ਸੋਚ ’ਤੇ ਮਾਣ ਮਹਿਸੂਸ ਹੋਣ ਲੱਗਾ।