ਮੈਲਬਰਨ:ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅੱਜ ਐਲਾਨ ਕੀਤਾ ਹੈ ਕਿ 2022 ਸੈਸ਼ਨ ਉਸ ਦੇ ਕਰੀਅਰ ਦਾ ਆਖਰੀ ਸੈਸ਼ਨ ਹੋਵੇਗਾ ਕਿਉਂਕਿ ਉਸ ਦਾ ਸਰੀਰ ‘ਥੱਕ ਰਿਹਾ’ ਹੈ ਅਤੇ ਉਸ ਅੰਦਰ ਹੁਣ ਹਰ ਦਿਨ ਦਬਾਅ ਸਹਿਣ ਲਈ ਊਰਜਾ ਅਤੇ ਪ੍ਰੇਰਨਾ ਪਹਿਲਾਂ ਵਾਂਗ ਨਹੀਂ ਰਹੀ ਹੈ। ਛੇ ਗਰੈਂਡ ਸਲੈਮ ਖ਼ਿਤਾਬ, ਜਿਸ ਵਿੱਚ ਤਿੰਨ ਮਿਕਸਡ ਡਬਲਜ਼ ਟਰਾਫੀਆਂ ਵੀ ਸ਼ਾਮਲ ਹਨ, ਜੇਤੂ ਸਾਨੀਆ ਭਾਰਤ ਦੀ ਸਭ ਤੋਂ ਕਾਮਯਾਬ ਮਹਿਲਾ ਟੈਨਿਸ ਖਿਡਾਰਨ ਵਜੋਂ ਸੰਨਿਆਸ ਲਵੇਗੀ। ਸਾਨੀਆ (35) ਨੇ ਆਪਣੀ ਜੋੜੀਦਾਰ ਨਾਦੀਆ ਕਿਚਨੋਕ ਨਾਲ ਆਸਟਰੇਲਿਆਈ ਓਪਨ ਦੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿੱਚ ਹਾਰਨ ਮਗਰੋਂ ਸੰਨਿਆਸ ਲੈਣ ਦਾ ਇਹ ਐਲਾਨ ਕੀਤਾ ਹੈ। ਸਾਨੀਆ-ਨਾਦੀਆ ਦੀ ਜੋੜੀ ਨੂੰ ਸਲੋਵੇਨੀਆ ਦੀਆਂ ਤਮਾਰਾ ਜ਼ਿਦਾਨਸੇਕ ਅਤੇ ਕਾਜਾ ਜੁਵਾਨ ਹੱਥੋਂ ਹਾਰ ਮਿਲੀ ਹੈ।