ਮੁੰਬਈ:ਕੁਝ ਸਮਾਂ ਪਹਿਲਾਂ ਫਿਲਮ ਅਦਾਕਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਦੇ ਇੱਕ ਪ੍ਰਸ਼ੰਸਕ ਨੇ ਸਾਈਕਲ ’ਤੇ ਕਿਲੀਮੰਜਾਰੋ ਪਹਾੜ ਦੇ ਸਿਖਰ ’ਤੇ ਪਹੁੰਚ ਕੇ ਉਸ ਦਾ ਪੋਸਟਰ ਲਹਿਰਾਇਆ ਸੀ। ਹੁਣ ਸੂਰਤ ਦਾ ਇੱਕ ਗਾਇਕ ਅਰੁਣ ਕੁਮਾਰ ਨਿਕਮ, ਜੋ ਪਹਿਲਾਂ ਸਬਜ਼ੀ ਦੀ ਰੇਹੜੀ ਲਾਉਂਦਾ ਰਿਹਾ ਹੈ, ਅਦਾਕਾਰ ਨੂੰ ਸਮਰਪਿਤ ਸੰਗੀਤਕ ਵੀਡੀਓ ‘ਦਿਲ ਸੇ ਹੈ ਸਲਾਮ’ ਰਿਲੀਜ਼ ਕਰਨ ਜਾ ਰਿਹਾ ਹੈ। ਇਸ ਬਾਰੇ ਨਿਕਮ ਨੇ ਕਿਹਾ ਕਿ ਇਹ ਅਦਾਕਾਰ ਪ੍ਰਤੀ ਸਤਿਕਾਰ ਦਿਖਾਉਣ ਦਾ ਤਰੀਕਾ ਹੈ, ਜੋ ਕਰੋਨਾ ਦੌਰਾਨ ਲੋਕਾਂ ਲਈ ਅਸਲ ਜ਼ਿੰਦਗੀ ਦਾ ਨਾਇਕ ਬਣ ਕੇ ਸਾਹਮਣੇ ਆਇਆ ਸੀ। ਨਿਕਮ ਨੇ ਕਿਹਾ, “ਮੈਂ ਸੋਨੂੰ ਸੂਦ ਦੇ ਕਾਰਜਾਂ ਤੋਂ ਪ੍ਰੇਰਿਤ ਹਾਂ। ਗੀਤ ਮੇਰੇ ਲਈ ਬਹੁਤ ਖਾਸ ਹੈ। ਗੀਤ ਰਿਲੀਜ਼ ਕਰਨ ਦਾ ਮਕਸਦ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣਾ ਹੈ। ਜੇ ਇਸ ਨੂੰ ਸਕਾਰਾਤਮਕ ਹੁੰਗਾਰਾ ਮਿਲਦਾ ਹੈ ਤਾਂ ਮੇਰੀਆਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ ਅਤੇ ਮੇਰੇ ਲਈ ਸੰਗੀਤ ਸਨਅਤ ਦੇ ਦਰਵਾਜ਼ੇ ਖੁੱਲ੍ਹਣਗੇ।’’ ਗੀਤ ਦਾ ਸੰਗੀਤ ਗੌਰਵ ਕੁਮਾਰ ਨੇ ਦਿੱਤਾ ਹੈ ਅਤੇ ਲਿਖਿਆ ਤੇ ਗਾਇਆ ਨਿਕਮ ਨੇ ਹੈ। ਵੀਡੀਓ ਦਾ ਨਿਰਦੇਸ਼ਨ ਵੀ ਉਸ ਨੇ ਹੀ ਕੀਤਾ ਹੈ। ਗੀਤ 13 ਸਤੰਬਰ ਨੂੰ ਰਿਲੀਜ਼ ਹੋਵੇੇਗਾ।