ਚੰਡੀਗੜ੍ਹ:ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਇੰਸਟਾਗ੍ਰਾਮ ’ਤੇ ਇੱਕ ਭਾਵੁਕ ਨੋਟ ਸਾਂਝਾ ਕੀਤਾ ਹੈ, ਜਿਸ ਇਸ ਵਿੱਚ ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੀ ਲੰਘੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ ਅਤੇ 11 ਜੂਨ ਨੂੰ ਉਸ ਦਾ 29ਵਾਂ ਜਨਮ ਦਿਨ ਸੀ। ਮੂਸੇਵਾਲਾ ਦੇ ਪ੍ਰਸ਼ੰਸਕਾਂ ਤੇ ਦੋਸਤਾਂ ਵੱਲੋਂ ਉਸ ਨੂੰ ਲਗਤਾਰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਪੰਜਾਬੀ ਸੰਗੀਤ ਤੇ ਫਿਲਮ ਜਗਤ ਬਾਰੇ ਉਸ ਦੇ ਸੁਫ਼ਨੇ ਦੀ ਗੱਲ ਕੀਤੀ ਹੈ। ਉਸ ਨੇ ਲਿਖਿਆ, ‘‘ਸਿੱਧੂ ਦਾ ਸੁਫ਼ਨਾ ਸੀ ਕਿ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਅੱਵਲ ਦਰਜਾ ਹਾਸਲ ਕਰੇ। ਉਹ ਇਹ ਗੱਲ ਆਮ ਕਹਿੰਦਾ ਸੀ ਕਿ ਸਾਡਾ ਮੁਕਾਬਲਾ ਇੱਕ ਦੂਜੇ ਨਾਲ ਨਹੀਂ ਸਗੋਂ ਕੌਮਾਂਤਰੀ ਕਲਾਕਾਰਾਂ ਨਾਲ ਹੈ। ਹੁਣ, ਉਸ ਦੀ ਮੌਤ ਮਗਰੋਂ ਪੰਜਾਬੀ ਕਲਾਕਾਰ ਇਸ ਗੱਲੋਂ ਇੱਕ-ਦੂਜੇ ਨਾਲ ਲੜ ਰਹੇ ਹਨ ਕਿ ਕੌਣ ਉਸ ਦੇ ਘਰ ਗਿਆ ਅਤੇ ਕੌਣ ਸ਼ੋਅ ਕਰਨ ਗਿਆ। ਗਿੱਪੀ ਮੁਤਾਬਕ ਸਿਰਫ ਇੱਕ ਗੱਲ ਮਾਅਨੇ ਰੱਖਦੀ ਹੈ ਅਤੇ ਉਹ ਇਹ ਹੈ ਕਿ ਸਿੱਧੂ ਮੂਸੇਵਾਲਾ ਨੂੰ ਨਿਆਂ ਮਿਲਣਾ ਚਾਹੀਦਾ ਹੈ। ਪੰਜਾਬੀ ਵਿੱਚ ਲਿਖੇ ਪੱਤਰ ਵਿੱਚ ਗਿੱਪੀ ਗਰੇਵਾਲ ਨੇ ਕਲਾਕਾਰਾਂ ਨੂੰ ਸਾਲ ਵਿੱਚ ਦੋ ਤਿੰਨ ਵਾਰ ਸਿੱਧੂ ਮੂਸੇਵਾਲਾ ਮਾਪਿਆਂ ਕੋਲ ਗੇੜਾ ਮਾਰਨ ਦੀ ਅਪੀਲ ਵੀ ਕੀਤੀ ਹੈ।