ਮਾਨਸਾ, 31 ਅਗਸਤ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਾਂਚ ਕਰ ਰਹੇ ਅਧਿਕਾਰੀ (ਆਈਓ) ਅੰਗਰੇਜ਼ ਸਿੰਘ ਨੂੰ ਅਚਾਨਕ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਵਲੋਂ ਬਦਲ ਦਿੱਤਾ ਗਿਆ ਹੈ। ਪਹਿਲਾਂ ਥਾਣਾ ਸਿਟੀ-1 ਦੇ ਮੁਖੀ ਅੰਗਰੇਜ਼ ਸਿੰਘ ਇਸ ਕਤਲ ਕਾਂਡ ਦੀ ਜਾਂਚ ਕਰ ਰਹੇ ਸਨ, ਹੁਣ ਉਨ੍ਹਾਂ ਦੀ ਥਾਂ ਗੁਰਲਾਲ ਸਿੰਘ ਨੂੰ ਜਾਂਚ ਅਫਸਰ ਲਾਇਆ ਗਿਆ ਹੈ। ਅੰਗਰੇਜ਼ ਸਿੰਘ ਥਾਣਾ ਸਿਟੀ-1 ਮਾਨਸਾ ਦੇ ਐੱਚਐੱਸਓ ਸਨ। ਮੂਸੇ ਵਾਲੇ ਦਾ ਕ਼ਤਲ ਇਸੇ ਥਾਣਾ ਅਧੀਨ ਪੈਂਦੇ ਪਿੰਡ ਜਵਾਹਰਕੇ ਵਿਖੇ ਹੋਇਆ ਸੀ,‌ ਜਿਸ ਕਾਰਨ ਥਾਣਾ ਮੁਖੀ ਹੋਣ ਦੇ ਨਾਤੇ ਕੇਸ ਦੀ ਜਾਂਚ ਕਰ ਰਹੇ ਸਨ। ਸਿੱਧੂ ਮੂਸੇਵਾਲਾ ਦੇ ਕਤਲ ਹੋਣ ਵੇਲੇ ਗੈਂਗਸਟਰਾਂ ਵਲੋਂ ਅੰਗਰੇਜ਼ ਸਿੰਘ ਨੂੰ ਧਮਕੀਆਂ ਮਿਲੀਆਂ ਸਨ, ਜਿਸ ਕਰਕੇ ਉਨ੍ਹਾਂ ਸਮੇਤ ਥਾਣਾ ਸਿਟੀ-10 ਦੀ ਸੁਰਖਿਆ ਨੂੰ ਵਧਾ ਦਿੱਤਾ ਗਿਆ ਸੀ। ਅੰਗਰੇਜ ਸਿੰਘ ਨੂੰ ਹੁਣ ਥਾਣਾ ਬੁਢਲਾਡਾ ਵਿਖੇ ਤਾਇਨਾਤ ਕੀਤਾ ਗਿਆ ਹੈ, ਹਾਲਾਂਕਿ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਇਸ ਤਬਾਦਲੇ ਨੂ ਨਿਯਮਤ ਬਦਲੀ ਦੱਸੀ ਗਈ ਹੈ। ਮੂਸੇਵਾਲਾ ਕ਼ਤਲ ਕਾਂਡ ਦੀ ਜਾਂਚ ਐੱਸਆਈਟੀ ਕਰ ਰਹੀ ਹੈ, ਜਿਸ ਦੀ ਅਗਵਾਈ ਡੀਆਈਜੀ ਜਸਕਰਨ ਸਿੰਘ ਕਰ ਰਹੇ ਹਨ। ਇਸ ਟੀਮ ਦੇ ਮੈਂਬਰ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਆਈਜੀ ਗੁਰਮੀਤ ਚੌਹਾਨ ਵੀ ਸ਼ਾਮਲ ਹਨ। ਇਸ ਵਿਚ ਮਾਨਸਾ ਅਤੇ ਬਠਿੰਡਾ ਦੇ ਡੀਐੱਸਪੀ ਦੇ ਨਾਲ ਨਾਲ ਥਾਣਾ ਸਿਟੀ -1 ਮਾਨਸਾ ਦੇ ਐੱਸਐੱਚਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਾਂਚ ਅਫਸਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਚਲਾਨ ਪੇਸ਼ ਕਰ ਚੁੱਕੀ ਹੈ, ਜਿਸ ਵਿਚ 24 ਕਾਤਲਾਂ ਅਤੇ 166 ਵੱਖ ਵੱਖ ਗਵਾਹਾਂ ਦੇ ਨਾਮ ਦਰਜ ਹਨ। ਇਸ ਵਿਚ ਗੋਲਡੀ ਬਰਾੜ ਨੂੰ ਮਾਸਟਰ ਮਾਈਂਡ ਦੱਸਿਆ ਗਿਆ ਹੈ। ਗੋਲਡੀ ਨੇ ਹੀ ਪੰਜਾਬੀ ਗਾਇਕ ਦੇ ਕਤਲ ਲਈ ਹਥਿਆਰ, ਗੱਡੀਆਂ ਸ਼ਾਰਪ ਸ਼ੂਟਰਾਂ ਨੂੰ ਮੁਹੱਈਆ ਕਰਵਾਈਆਂ ਸਨ। ਜੱਗੂ ਭਗਵਾਨਪਰੀਆ ਨੇ ਵੀ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਸ਼ੂਟਰ ਉਪਲਬਧ ਕਰਵਾਏ ਸਨ, ਜੋ ਮਗਰੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਮਾਰੇ ਗਏ ਸਨ।