ਸਿੰਗਾਪੁਰ:ਮਨਿਕਾ ਬਤਰਾ ਦੇ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਵਰਗ ’ਚ ਆਪਣੇ ਜੋੜੀਦਾਰਾਂ ਨਾਲ ਹਾਰਨ ਮਗਰੋਂ ਅੱਜ ਇੱਥੇ ਸਿੰਗਾਪੁਰ ਸਮੈਸ਼ ਟੇਬਲ ਟੈਨਿਸ ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਟੂਰਨਾਮੈਂਟ ਦੇ ਮਿਕਸਡ ਡਬਲਜ਼ ਵਰਗ ਵਿੱਚ ਮਨਿਕਾ ਬੱਤਰਾ ਤੇ ਜੀ. ਸਾਥਿਆਨ ਦੀ ਜੋੜੀ ਨੂੰ 52 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਜਾਪਾਨੀ ਖਿਡਾਰੀਆਂ ਹਿਨਾ ਹਯਾਤਾ ਅਤੇ ਟੋਮੋਕਾਜ਼ੂ ਹਰੀਮੋਤੋ ਦੀ ਜੋੜੀ ਹੱਥੋਂ 2-3 (9-11 9-11 11-8 11-5 7-11) ਨਾਲ ਹਾਰ ਮਿਲੀ। ਜਦਕਿ ਮਹਿਲਾ ਡਬਲਜ਼ ਵਰਗ ਦੇ ਰਾਊਂਡ-16 ’ਚ ਮਨਿਕਾ ਬੱਤਰਾ ਤੇ ਅਰਚਨਾ ਕਾਮਥ ਦੀ ਜੋੜੀ ਚੀਨੀ ਜੋੜੀ ਮੇਂਗ ਚੇਨ ਅਤੇ ਯਿਦੀ ਵਾਂਗ ਹੱਥੋਂ ਸਖਤ ਮੁਕਾਬਲੇ ’ਚ 2-3 (2-11 6-11 15-13 12-10 6-11) ਹਾਰ ਗਈ। ਇਸ ਤੋਂ ਪਹਿਲਾਂ ਮਨਿਕਾ, ਸਾਥਿਆਨ ਤੇ ਸ਼ਰਤ ਕਮਲ ਸਿੰਗਲਜ਼ ਵਰਗ ਦੇ ਪਹਿਲੇ ਗੇੜ ਵਿੱਚ ਹੀ਼ ਆਪੋ-ਆਪਣੇ ਮੈਚ ਹਾਰ ਗਏ ਸਨ। ਇਨ੍ਹਾਂ ਤੋਂ ਇਲਾਵਾ ਪੁਰਸ਼ ਡਬਲਜ਼ ਵਰਗ ’ਚ ਹਰਮੀਤ ਦੇਸਾਈ ਤੇ ਮਾਨਵ ਠੱਕਰ ਵੀ ਪਹਿਲੇ ਗੇੜ ਵਿੱਚੋਂ ਹੀ ਬਾਹਰ ਹੋ ਗਏ ਸਨ।