ਚੰਡੀਗੜ੍ਹ:ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵੱਖ ਹੋਣ ਦੀਆਂ ਖ਼ਬਰਾਂ ਹਰ ਪਾਸੇ ਚੱਲ ਰਹੀਆਂ ਹਨ। ਇਸ ਦੌਰਾਨ ਕਿਆਰਾ ਨੇ ਅੱਜ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਥੇ ਉਸ ਦੇ ਚਾਹੁਣ ਵਾਲਿਆਂ ਉਸ ਨੂੰ ਪੁੱਛਿਆ ਕਿ ਉਹ ਹਾਲੇ ਵੀ ਸਿਧਾਰਥ ਮਲਹੋਤਰਾ ਨਾਲ ਖੜ੍ਹੀ ਹੈ। ਇਕ ਵਰਤੋਂਕਾਰ ਨੇ ਆਖਿਆ ਕਿ ਜੇ ਇਹ ਦੋਵੇਂ ਵੱਖ ਹੋ ਗਏ ਹਨ ਤਾਂ ਬਹੁਤ ‘ਮਾੜਾ’ ਹੋਇਆ। ਬੀਤੇ ਦਿਨ ਸਿਧਾਰਥ ਨੇ ਕਿਆਰਾ ਦੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ਬਾਰੇ ਪ੍ਰਤੀਕਿਰਿਆ ਦਿੱਤੀ ਸੀ, ਜਿਸ ਤੋਂ ਲੱੱਗਦਾ ਸੀ ਕਿ ਦੋਵਾਂ ਵਿਚਾਲੇ ਸਭ ਠੀਕ ਹੈ। ਪਰ ਬਾਅਦ ’ਚ ਰਿਪੋਰਟਾਂ ਆਈਆਂ ਕਿ ਦੋਵਾਂ ਨੇ ਆਪਣਾ ਰਿਸ਼ਤਾ ਖ਼ਤਮ ਕਰ ਦਿੱਤਾ ਹੈ। ਸੂਤਰਾਂ ਨੇ ਈਟਾਈਮਜ਼ ਨੂੰ ਦੱਸਿਆ, ‘‘ਕਿਸੇ ਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੋਇਆ, ਪਰ ਲੱਗਦਾ ਹੈ ਕਿ ਅੱਜ-ਕੱਲ੍ਹ ਲੋਕ ਇੱਕ-ਦੂਸਰੇ ਤੋਂ ਜਲਦੀ ਅੱਕ ਜਾਂਦੇ ਹਨ।’’ ਸਿਧਾਰਥ ਤੇ ਕਿਆਰਾ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਅਧਿਕਾਰਤ ਤੌਰ ’ਤੇ ਨਹੀਂ ਦੱਸਿਆ। ਪਹਿਲਾਂ ਇੱਕ ਇੰਟਰਵਿਊ ਵਿੱਚ ਸਿਧਾਥ ਨੇ ਕਿਹਾ ਸੀ, ‘‘ਮੈਂ ਕਿਆਰਾ ਵਿੱਚ ਕੁੁਝ ਬਦਲਣਾ ਨਹੀਂ ਚਾਹੁੰਦਾ, ਉਹ ਸ਼ਾਨਦਾਰ ਅਦਾਕਾਰਾ ਹੈ। ਹਾਂ ਇੱਕ ਚੀਜ਼ ਹੈ ਜੋ ਬਦਲਣਾ ਚਾਹਾਂਗਾ ਉਹ ਇਹ ਹੈ ਕਿ ਕਿਆਰਾ ਤੇ ਮੇਰੀ ਕੋਈ ਪ੍ਰੇਮ ਕਹਾਣੀ ਨਹੀਂ ਹੈ।’’