ਨਵੀਂ ਦਿੱਲੀ:ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਲੰਡਨ ਵਿੱਚ ਆਪਣੀ ਆਉਣ ਵਾਲੀ ਫਿਲਮ ‘ਸਿਟਾਡੇਲ’ ਦੀ ਸ਼ੂਟਿੰਗ ਕਰ ਰਹੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇੱਕ ਦਿਲਕਸ਼ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਲਹਿਰਾਉਂਦੇ ਘੁੰਗਰਾਲੇ ਵਾਲਾਂ ’ਚ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਹਲਕਾ ਮੇਕਅੱਪ ਕੀਤਾ ਹੋਇਆ ਹੈ ਅਤੇ ਸਫ਼ੈਦ ਡਰੈੱਸ ਪਾਈ ਹੋਈ ਹੈ। ਪ੍ਰਿਯੰਕਾ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਸ ਤਸਵੀਰ ਥੱਲੇ ਕੈਪਸ਼ਨ ਵਿੱਚ ਹੈਸ਼ਟੈਗ ‘ਸਿਟਾਡੇਲ’ ਅਤੇ ‘ਸੈਲਫੀਮੋਡ’ ਲਿਖਿਆ ਤਾਂ ਕਿ ਉਸ ਦੇ ਪ੍ਰਸ਼ੰਸਕ ਜਾਣ ਸਕਣ ਕਿ ਉਹ ਇਸ ਪ੍ਰਾਜੈਕਟ ਵਿੱਚ ਰੁੱਝੀ ਹੋਈ ਹੈ। ਅਦਾਕਾਰਾ ਵੱਲੋਂ ਤਸਵੀਰ ਸਾਂਝੀ ਕਰਨ ਮਗਰੋਂ ਮੇਕਅੱਪ ਆਰਟਿਸਟ ਪੌਲ ਗੂਚ ਨੇ ਇੱਕ ਹਾਸੇ ਵਾਲੀ ਇਮੋਜ਼ੀ ਨਾਲ ਕੁਮੈਂਟ ਕੀਤਾ, ‘‘ਤੁਹਾਡੇ ਵਾਲ ਕਿਸੇ ਨੇ ਬਣਾਏ? ਇਹ ਲਾਜਵਾਬ ਹਨ!’’ ਇਸ ਦੇ ਜੁਆਬ ਵਿੱਚ ਪ੍ਰਿਯੰਕਾ ਨੇ ਪੌਲ ਦਾ ਉਸ ਦੇ ਵਾਲ ਸੈੱਟ ਕਰਨ ਲਈ ਧੰਨਵਾਦ ਕੀਤਾ। ਪੋਸਟ ਸਾਂਝੀ ਕਰਦਿਆਂ ਹੀ ਅਦਾਕਾਰਾ ਦੇ ਇੰਸਟਾਗ੍ਰਾਮ ’ਤੇ ਕੁਮੈਂਟਸ ਦਾ ਹੜ੍ਹ ਆ ਗਿਆ। ਇੱਕ ਪ੍ਰਸ਼ੰਸਕ ਨੇ ਉਸ ਨੂੰ ‘ਖੂਬਸੂਰਤ’ ਅਤੇ ਇੱਕ ਹੋਰ ਨੇ ‘ਕੁਈਨ’ ਵੀ ਲਿਖਿਆ।