ਚੰਡੀਗੜ੍ਹ :ਅਫ਼ਵਾਹਾਂ ਮਗਰੋਂ ਸਾਲ 2019 ਵਿੱਚ ਅਦਾਕਾਰ ਅਰਜੁਨ ਕਪੂਰ ਅਤੇ ਅਦਾਕਾਰਾ ਮਲਾਇਕਾ ਅਰੋੜਾ ਦੇ ਰਿਸ਼ਤੇ ਦੀ ਪੁਸ਼ਟੀ ਹੋਈ ਸੀ। ਹੁਣ ਚਰਚਾ ਇਹ ਹੈ ਕਿ ਇਸ ਜੋੜੇ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ‘ਬੌਲੀਵੁੱਡਲਾਈਫ਼’ ਦੀ ਰਿਪੋਰਟ ਅਨੁਸਾਰ ਅਰਜੁਨ ਅਤੇ ਮਲਾਇਕਾ ਇਸ ਸਾਲ ਦੇ ਅਖ਼ੀਰ ’ਤੇ ਵਿਆਹ ਕਰਵਾਉਣ ਜਾ ਰਹੇ ਹਨ। ਇਕ ਸੂਤਰ ਨੇ ਪੋਰਟਲ ਨੂੰ ਦੱਸਿਆ, ‘‘ਅਰਜੁਨ ਅਤੇ ਮਲਾਇਕਾ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਇਹ ਜੋੜਾ ਸਰਦੀਆਂ ਵਿੱਚ ਮੁੰਬਈ ’ਚ ਵਿਆਹ ਕਰਵਾਏਗਾ ਕਿਉਂਕਿ ਇਨ੍ਹਾਂ ਦੋਵਾਂ ਨੂੰ ਸਰਦੀਆਂ ਦਾ ਮੌਸਮ ਪਸੰਦ ਹੈ।’’ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਰਜੁਨ ਅਤੇ ਮਲਾਇਕਾ ਦੇ ਵਿਆਹ ਸਮਾਗਮ ਵਿੱਚ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਹਾਜ਼ਰ ਹੋਣਗੇ। ‘‘ਇਨ੍ਹਾਂ ਨੂੰ ਸਾਦਗੀ ਪਸੰਦ ਹੈ ਅਤੇ ਉਹ ਵਿਆਹ ਰਜਿਸਟਰਡ ਕਰਵਾਉਣ ਮਗਰੋਂ ਪਾਰਟੀ ਕਰਨਗੇ। ਇਸ ਪਾਰਟੀ ਵਿੱਚ ਸਿਨੇ ਜਗਤ ਵਿੱਚ ਉਨ੍ਹਾਂ ਦੇ ਕਰੀਬੀਆਂ ਸਮੇਤ ਦੋਵਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ।’’ ਅਰਜੁਨ ਕਪੂਰ ਦੀ ਉਮਰ 36 ਸਾਲ ਹੈ ਅਤੇ ਮਲਾਇਕਾ ਅਰੋੜਾ 48 ਸਾਲ ਦੀ ਹੈ। ਮਲਾਇਕਾ ਪਹਿਲਾਂ ਅਰਬਾਜ਼ ਖ਼ਾਨ ਨਾਲ ਵਿਆਹੀ ਹੋਈ ਸੀ ਅਤੇ ਉਸ ਦਾ ਇੱਕ ਪੁੱਤਰ ਅਰਹਾਨ ਵੀ ਹੈ।