ਮੁੰਬਈ:ਫਿਲਮ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਪਹਿਲੇ ਸਹਿ-ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਹੈ। ਦੱਸਣਾ ਬਣਦਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ 2020 ’ਚ ਦੇਹਾਂਤ ਹੋ ਗਿਆ ਸੀ। ਸਾਰਾ ਨੇ 2018 ਵਿੱਚ ਰਿਲੀਜ਼ ਹੋਈ ਆਪਣੀ ਪਹਿਲੀ ਫਿਲਮ ‘ਕੇਦਾਰਨਾਥ’ ਵਿਚਲੀ ਸੁਸ਼ਾਂਤ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ। ਉਸ ਨੇ ਤਸਵੀਰ ਨਾਲ ਲਿਖਿਆ ਹੈ, ‘‘ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨ ਤੋਂ ਲੈ ਕੇ ਆਪਣੀ ਦੂਰਬੀਨ ਨਾਲ ਜੁਪੀਟਰ ਅਤੇ ਚੰਦਰਮਾ ਵੇਖਣ ਤੱਕ। ਤੁਹਾਡੇ ਨਾਲ ਬਿਤਾਈਆਂ ਯਾਦਾਂ ਤਰੋ-ਤਾਜ਼ਾ ਹਨ। ਅਜਿਹੇ ਵਧੀਆ ਪਲ ਦੇਣ ਲਈ ਤੁਹਾਡਾ ਧੰਨਵਾਦ।’’ ਉਸ ਨੇ ਕਿਹਾ ਕਿ ਅੱਜ ਪੂਰਨਮਾਸ਼ੀ ਦੀ ਰਾਤ ਨੂੰ ਜਦੋਂ ਉਹ ਅਸਮਾਨ ਵੱਲ ਵੇਖਦੀ ਹੈ ਤਾਂ ਉਹ ਜਾਣਦੀ ਹੈ ਕਿ ਤੁਸੀਂ ਉੱਥੇ ਆਪਣੇ ਮਨਪਸੰਦ ਤਾਰਿਆਂ ਅਤੇ ਤਾਰਾਮੰਡਲਾਂ ਦਰਮਿਆਨ ਚਮਕਦੇ ਹੋਵੋਗੇ, ਹੁਣ ਅਤੇ ਹਮੇਸ਼ਾ ਲਈ। ਜ਼ਿਕਰਯੋਗ ਹੈ ਕਿ ‘ਕੇਦਾਰਨਾਥ’ ਅਭਿਸ਼ੇਕ ਕਪੂਰ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਰੋਮਾਂਟਿਕ ਫਿਲਮ ਹੈ। ਇਹ ਇੱਕ ਅਮੀਰ ਹਿੰਦੂ ਬ੍ਰਾਹਮਣ ਲੜਕੀ ਦੀ ਕਹਾਣੀ ਹੈ ਜੋ ਪਿੱਠੂ ਦਾ ਕੰਮ ਕਰਦੇ ਮੁਸਲਿਮ ਲੜਕੇ ਨੂੰ ਪਿਆਰ ਕਰਦੀ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਨੇ ਮੁੰਬਈ ਦੇ ਬਾਂਦਰਾ ਵਿਚਲੇ ਘਰ ਵਿਚ 14 ਜੂਨ, 2020 ਨੂੰ ਖੁਦਕੁਸ਼ੀ ਕਰ ਲਈ ਸੀ। ਉਸ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਉਸ ਦੇ ਦੇਹਾਂਤ ਮਗਰੋਂ ਰਿਲੀਜ਼ ਹੋਈ ਸੀ।