ਨਵੀਂ ਦਿੱਲੀ, 22 ਜੂਨ

ਰੋਨਾਲਡੋ ਸਿੰਘ ਨੇ ਅੱਜ ਇੱਥੇ ਏਸ਼ਿਆਈ ਟਰੈਕ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਸੀਨੀਅਰ ਵਰਗ ਦੇ ਸਪ੍ਰਿੰਟ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਇਤਿਹਾਸ ਸਿਰਜ ਦਿੱਤਾ। ਉਹ ਮਹਾਂਦੀਪੀ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਸਾਈਕਲਿਸਟ ਬਣ ਗਿਆ। ਰੋਨਾਲਡੋ ਦੀ ਪ੍ਰਾਪਤੀ ਮਹਾਦੀਪੀ ਚੈਂਪੀਅਨਸ਼ਿਪ ਵਿੱਚ ਕਿਸੇ ਭਾਰਤੀ ਸਾਈਕਲਿਸਟ ਦਾ ਸਰਵੋਤਮ ਪ੍ਰਦਰਸ਼ਨ ਹੈ। ਅੱਜ ਉਸ ਨੇ ਜਾਪਾਨ ਦੇ ਮਾਹਿਰ ਰਾਈਡਰ ਕੈਂਤੋ ਯਾਮਾਸਾਕੀ ਨੂੰ ਸਖ਼ਤ ਚੁਣੌਤੀ ਦਿੱਤੀ, ਪਰ ਦੂਸਰੇ ਸਥਾਨ ’ਤੇ ਰਿਹਾ। ਯਾਮਾਸਾਕੀ ਨੇ ਲਗਾਤਾਰ ਰੇਸ ਵਿੱਚ ਰੋਨਾਲਡੋ ਨੂੰ ਪਛਾੜ ਕੇ ਪੋਡੀਅਮ ਦਾ ਸਿਖਰਲਾ ਸਥਾਨ ਹਾਸਲ ਕੀਤਾ ਹੈ। ਕਜ਼ਾਖ਼ਸਤਾਨ ਦੇ ਆਂਦਰੇ ਚੁਗੇ ਨੇ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।