ਮੁੰਬਈ:ਸੁਪਰਸਟਾਰ ਸ਼ਾਹਰੁਖ ਖਾਨ ਦੀ ਐਕਸ਼ਨ ਫਿਲਮ ‘ਪਠਾਨ’ ਇਸ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ। ਇਸ ਫਿਲਮ ਸਬੰਧੀ ਦਰਸ਼ਕਾਂ ਨੂੰ ਅਪੀਲ ਕਰਦਿਆਂ ਅਦਾਕਾਰ ਨੇ ਕਿਹਾ ਕਿ ਉਹ ‘ਪਠਾਨ’ ਨੂੰ ਦੇਖਣ ਲਈ ਸਿਨੇਮਾ ਘਰਾਂ ਵਿੱਚ ਜਾਣ। ਕਿੰਗ ਖਾਨ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਪਾਇਰੇਸੀ ਖ਼ਿਲਾਫ਼ ਲੜਾਈ ਵਿੱਚ ਸਾਥ ਦੇਣ। ਇਸ ਸਬੰਧੀ ਟਵਿੱਟਰ ’ਤੇ ਪਾਈ ਪੋਸਟ ਵਿੱਚ ਉਸ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਇਰੇਸੀ ਖ਼ਿਲਾਫ਼ ‘ਫ਼ੌਜੀ’ ਬਣ ਕੇ ਫਿਲਮ ਸਨਅਤ ਦਾ ਸਾਥ ਦੇਣ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ‘ਪਠਾਨ ਭਾਰਤ ਲਈ ਲੜਦਾ ਹੈ। ਤੁਸੀਂ ਵੀ ‘ਫ਼ੌਜੀ’ ਬਣ ਕੇ ਫਿਲਮ ਸਨਅਤ ਲਈ ਪਾਇਰੇਸੀ ਖ਼ਿਲਾਫ਼ ਲੜਨਾ ਹੈ। 25 ਤਰੀਕ ਨੂੰ ਸਾਰੇ ‘ਪਠਾਨ’ ਦੇਖਣ ਲਈ ਸਿਨੇਮਾ ਘਰਾਂ ਵਿੱਚ ਜਾਣ। ਪਾਇਰੇਸੀ ਤੋਂ ਕਿਨਾਰਾ ਕੀਤਾ ਜਾਵੇ। ਸਾਰੀ ਤਾਕਤ ਤੁਹਾਡੇ (ਦਰਸ਼ਕਾਂ ਦੇ) ਹੱਥਾਂ ਵਿੱਚ ਹੈ।’ ਇਸ ਫਿਲਮ ਵਿੱਚ ਭਾਰਤ ਦੇ ਜਾਸੂਸ ਦੀ ਕਹਾਣੀ ਦਿਖਾਈ ਗਈ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਸਾਲ 2018 ਵਿੱਚ ਆਈ ਫਿਲਮ ‘ਜ਼ੀਰੋ’ ਵਿੱਚ ਨਜ਼ਰ ਆਇਆ ਸੀ ਜੋ ਬੌਕਸ ਆਫਿਸ ’ਤੇ ਚੰਗੀ ਕਾਰਗੁਜ਼ਾਰੀ ਨਹੀਂ ਸੀ ਦਿਖਾ ਸਕੀ। ‘ਪਠਾਨ’ ਨੂੰ ਯਸ਼ ਰਾਜ ਫਿਲਮਜ਼ ਵੱਲੋਂ ਬਣਾਇਆ ਗਿਆ ਹੈ। ਇਹ ਫਿਲਮ 25 ਤਰੀਕ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਸ਼ਾਹਰੁਖ਼ ਖਾਨ ਨਾਲ ਦੀਪਿਕਾ ਪਾਦੂਕੋਣ ਅਤੇ ਜੌਹਨ ਅਬਰਾਹਮ ਵੀ ਨਜ਼ਰ ਆਉਣਗੇ।