ਮੁੰਬਈ:ਕਰੋਨਾਵਾਇਰਸ ਦੀ ਲਾਗ ਲੱਗਣ ਮਗਰੋਂ ਏਕਾਂਤਵਾਸ ’ਚ ਗਈ ਅਦਾਕਾਰਾ ਸਵਰਾ ਭਾਸਕਰ ਹੁਣ ਕੰਮ ’ਤੇ ਮੁੜ ਆਈ ਹੈ। ਅੱਜ ਅਦਾਕਾਰਾ ਨੇ ਆਪਣੀ ਅਗਲੀ ਫਿਲਮ ‘ਜਹਾਂ ਚਾਰ ਯਾਰ’ ਦੀ ਡਬਿੰਗ ਦਾ ਕੰਮ ਸ਼ੁਰੂ ਕੀਤਾ ਹੈ। ਇੰਸਟਾਗ੍ਰਾਮ ’ਤੇ ਪਾਈ ਆਪਣੀ ਪੋਸਟ ਵਿੱਚ 33 ਸਾਲਾ ਅਦਾਕਾਰਾ ਨੇ ਮੁੜ ਕੰਮ ਸ਼ੁਰੂ ਕਰਨ ਦੀ ਆਪਣੀ ਖੁਸ਼ੀ ਸਾਂਝੀ ਕੀਤੀ। ਸਵਰਾ ਨੇ ਲਿਖਿਆ ਹੈ, ‘ਮੈਂ ਬਹੁਤ ਖੁਸ਼ ਹਾਂ ਕਿ ਇੰਨੀ ਸਿਹਤਮੰਦ ਹੋ ਸਕੀ ਕਿ ਕੰਮ ’ਤੇ ਮੁੜ ਸਕਾਂ, #ਆਪਣੀ ਫਿਲਮ @ਜਹਾਂਚਾਰਯਾਰ ਦੀ ਡਬਿੰਗ ਮੁੜ ਆਰੰਭੀ…ਮੁੜ ਕੰਮ ਸ਼ੁਰੂ ਕਰਨ ਦੇ ਅਹਿਸਾਸ ਨਾਲ ਖੁਸ਼ ਹਾਂ…ਸ਼ਿਵਾਂਗੀ ਇੱਕ ਬਹੁਤ ਹੀ ਵਧੀਆ ਕਿਰਦਾਰ ਹੈ, ਇਸ ਨੂੰ ਦਰਸ਼ਕਾਂ ਸਾਹਮਣੇ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ…।’ ਜ਼ਿਕਰਯੋਗ ਹੈ ਕਿ ਸਵਰਾ ਭਾਸਕਰ ਬੀਤੀ 7 ਜਨਵਰੀ ਨੂੰ ਕਰੋਨਾ ਪਾਜ਼ੇਟਿਵ ਆਈ ਸੀ, ਜਿਸ ਮਗਰੋਂ ਉਸ ਨੂੰ ਏਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਸੀ। 14 ਜਨਵਰੀ ਨੂੰ ਸਵਰਾ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਮਗਰੋ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ। ਫਿਲਮ ‘ਜਹਾਂ ਚਾਰ ਯਾਰ’ ਦਾ ਨਿਰਦੇਸ਼ਨ ਕਮਲ ਪਾਂਡੇ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ ਸਵਰਾ ਦੇ ਨਾਲ ਮਿਹਰ ਵਿੱਜ, ਪੂਜਾ ਚੋਪੜਾ ਅਤੇ ਸ਼ਿਖਾ ਤਲਸਾਨੀਆ ਵੀ ਦਿਖਾਈ ਦੇਣਗੇ। ਇਹ ਫਿਲਮ ਚਾਰ ਵਿਆਹੇ ਹੋਏ ਦੋਸਤਾਂ ਦੀ ਕਹਾਣੀ ਹੈ, ਜੋ ਆਪਣੀ ਆਮ ਜ਼ਿੰਦਗੀ ਤੋਂ ਅੱਕ ਕੇ ਗੋਆ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਨ ਤੇ ਉਥੇ ਜਾ ਕੇ ਕੁਝ ਬਹੁਤ ਹੀ ਖਾਸ ਕਿਸਮ ਦੇ ਕਾਰਨਾਮੇ ਕਰਦੇ ਹਨ। ਇਸ ਫਿਲਮ ਦਾ ਨਿਰਮਾਣ ਵਿਨੋਦ ਬੱਚਨ ਵੱਲੋਂ ਕੀਤਾ ਗਿਆ ਹੈ।