ਮੁੰਬਈ, 29 ਜੂਨ

ਬੌਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਪੱਤਰ ਪ੍ਰਾਪਤ ਹੋਇਆ ਹੈ, ਜਿਸ ਮਗਰੋਂ ਮੁੰਬਈ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਇਹ ਪੱਤਰ ਅਦਾਕਾਰਾ ਨੂੰ ਉਸ ਦੀ ਵਰਸੋਵਾ ਸਥਿਤ ਰਿਹਾਇਸ਼ ’ਤੇ ਭੇਜਿਆ ਗਿਆ ਸੀ। ਸਵਰਾ ਭਾਸਕਰ ਨੇ ਪੱਤਰ ਮਿਲਣ ਮਗਰੋਂ ਦੋ ਦਿਨ ਪਹਿਲਾਂ ਵਰਸੋਵਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਵਰਾ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਕਿ ਦੇਸ਼ ਦੇ ਨੌਜਵਾਨ ਵੀਰ ਸਾਵਰਕਰ ਦੇ ਅਪਮਾਨ ਨੂੰ ਸ਼ਹਿਣ ਨਹੀਂ ਕਰਨਗੇ।