ਬ੍ਰਿਸਬੇਨ, 8 ਜਨਵਰੀ

ਵਿਸ਼ਵ ਦਾ ਨੰਬਰ ਇਕ ਸਰਬਿਆਈ ਟੈਨਿਸ ਖਿਡਾਰੀ ਅਤੇ ਨੌਂ ਵਾਰ ਆਸਟਰੇਲੀਅਨ ਓਪਨ ਜਿੱਤ ਚੁੱਕੇ ਨੋਵਾਕ ਜੋਕੋਵਿਚ ਨੂੰ ਕਰੋਨਾ ਟੀਕਾਕਰਨ ਨਿਯਮਾਂ ਤੋਂ ਛੋਟ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਰਹਿਣ ਕਾਰਨ ਅਤੇ ਰੱਦ ਹੋਏ ਵੀਜ਼ੇ ਦਾ ਵਿਵਾਦ ਹੁਣ ਸਿਆਸੀ ਰੰਗ ਫੜਦਿਆਂ ਦੋਵੇਂ ਦੇਸ਼ਾਂ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।

ਜੋਕੋਵਿਚ ਦੇ ਪਿਤਾ ਸਰਦਾਨ ਜੋਕੋਵਿਚ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ’ਤੇ ਸਿੱਧਾ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਆਸਟਰੇਲੀਆ ਤੋਂ ਕੱਢਣਾ ਸਿਆਸਤ ਤੋਂ ਪ੍ਰੇਰਿਤ ਵਰਤਾਰਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ’ਤੇ ਦੋਸ਼ ਲਗਾਇਆ ਕਿ, “ਉਹ ਸਰਬੀਆ ਨੂੰ ਗੋਡਿਆਂ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।” ਉੱਧਰ ਆਸਟਰੇਲਿਆਈ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਨਿਯਮ ਨਿਯਮ ਹੁੰਦੇ ਹਨ, ਇਨ੍ਹਾਂ ਨਿਯਮਾਂ ਤੋਂ ਉੱਪਰ ਕੋਈ ਨਹੀਂ ਹੈ। ਸਾਡੀਆਂ ਮਜ਼ਬੂਤ ਸਰਹੱਦੀ ਨੀਤੀਆਂ ਕੋਵਿਡ-19 ਤੋਂ ਵਿਸ਼ਵ ਵਿੱਚ ਸਭ ਤੋਂ ਘੱਟ ਮੌਤ ਦਰਾਂ ’ਚੋਂ ਇੱਕ ਹੋਣ ਵਾਲੇ ਆਸਟਰੇਲੀਆ ਲਈ ਮਹੱਤਵਪੂਰਨ ਰਹੀਆਂ ਹਨ, ਅਸੀਂ ਲਗਾਤਾਰ ਚੌਕਸ ਰਹੇ ਹਾਂ।” ਜੋਕੋਵਿਚ ਇਸ ਸਮੇਂ ਫ਼ੈਡਰਲ ਅਦਾਲਤ ਦੀ ਚੁਣੌਤੀ ਦੇ ਨਤੀਜੇ ਦੀ ਉਡੀਕ ਵਿੱਚ ਸੋਮਵਾਰ ਤੱਕ ਮੈਲਬਰਨ ਦੇ ਇਕ ਹੋਟਲ ’ਚ ਇਮੀਗ੍ਰੇਸ਼ਨ ਹਿਰਾਸਤ ਵਿਚ ਹੈ ਅਤੇ ਉਸ ਦੇ ਵਕੀਲਾਂ ਵੱਲੋਂ ਸੰਘੀ ਅਦਾਲਤ ’ਚ ਦੇਸ਼ ’ਚੋਂ ਕੱਢਣ ਦੇ ਸਰਕਾਰੀ ਹੁਕਮਾਂ ਨੂੰ ਚੁਣੌਤੀ ਦਿੱਤੀ ਜਾਵੇਗੀ। ਜੋਕੋਵਿਚ ਦੇ ਪਿਤਾ ਨੇ ਬੀਤੇ ਦਿਨ ਸਰਬੀਆ ਦੀ ਰਾਜਧਾਨੀ ਬੈਲਗ੍ਰੇਡ ਵਿੱਚ ਆਪਣੇ ਪੁੱਤਰ ਦੇ ਨਾਂ ਵਾਲੇ ਆਪਣੇ ਰੈਸਟੋਰੈਂਟ ਵਿੱਚ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ ਆਸਟਰੇਲੀਆ ਦੇ ਇਸ ਅਣਮਨੁੱਖੀ ਵਰਤਾਰੇ ਦਾ ਖੇਡਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਨਿਰਾ ਸਿਆਸੀ ਏਜੰਡਾ ਹੈ। ਇਹ ਸਰਬੀਆ ਅਤੇ ਇਸ ਦੇ ਲੋਕਾਂ ’ਤੇ ਹਮਲਾ ਹੈ। ਨੋਵਾਕ, ਸਰਬੀਆ ਦਾ ਮਾਣ ਹੈ ਅਤੇ ਉਹ ਉਸ ਦੇ ਪੁੱਤ ਨਾਲ ਬੰਦੀਆਂ ਵਾਲਾ ਵਤੀਰਾ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਮੈਲਬਰਨ ਲਈ ਉਡਾਣ ਤੋਂ ਪਹਿਲਾਂ, ਟੈਨਿਸ ਆਸਟਰੇਲੀਆ ਅਤੇ ਵਿਕਟੋਰੀਆ ਦੀ ਸਰਕਾਰ ਨੇ ਜੋਕੋਵਿਚ ਨੂੰ ਕੋਵਿਡ-19 ਸਬੰਧੀ ਪੂਰੀ ਤਰ੍ਹਾਂ ਟੀਕਾਕਰਨ ਤੋਂ ਡਾਕਟਰੀ ਛੋਟ ਜਾਰੀ ਕੀਤੀ ਸੀ। ਜੋਕੋਵਿਚ ਦੁਬਈ ਤੋਂ 14 ਘੰਟੇ ਦੀ ਉਡਾਣ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਮੈਲਬਰਨ ਪਹੁੰਚਿਆ ਸੀ। ਇੱਥੇ ਪਹੁੰਚਣ ਤੋਂ ਤੁਰੰਤ ਬਾਅਦ ਬਾਰਡਰ ਫੋਰਸ ਨੇ ਉਸ ਦੇ ਦਾਖਲੇ ਦੀਆਂ ਸ਼ਰਤਾਂ ਅਧੂਰੀਆਂ ਦੱਸਦਿਆਂ ਹਿਰਾਸਤ ’ਚ ਲੈ ਕੇ ਲੰਘੀ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਜੋਕੋਵਿਚ ਦੀ ਮਾਂ ਡਿਜ਼ਾਨਾ ਦਾ ਕਹਿਣਾ ਹੈ ਕਿ, “ਮੈਨੂੰ ਉਮੀਦ ਹੈ ਕਿ ਉਹ ਜਿੱਤ ਜਾਵੇਗਾ।”

ਦੂਜੇ ਪਾਸੇ ਜੋਕੋਵਿਚ ਦੇ ਪਰਿਵਾਰ ਵੱਲੋਂ ਕਰਵਾਈ ਰੈਲੀ ਵਿੱਚ ਸ਼ਾਮਲ ਹੋਣ ਲਈ ਬੈਲਗ੍ਰੇਡ ਵਿੱਚ ਸਰਬੀਆ ਦੀ ਸੰਸਦ ਭਵਨ ਵਿੱਚ ਸੈਂਕੜੇ ਲੋਕ ਇਕੱਠੇ ਹੋਏ।