ਹਾਂਸ ਕ੍ਰਿਸਚੀਅਨ ਐਂਡਰਸਨ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਮਹਾਰਾਣੀ ਸੀ, ਜਿਸ ਦੇ ਬਾਗ਼ ਵਿੱਚ ਦੁਨੀਆ ਦੇ ਹਰ ਕੋਨੇ ਦੇ, ਹਰ ਮੌਸਮ ਵਿੱਚ ਸਭ ਤੋਂ ਖ਼ੂਬਸੂਰਤ ਫੁੱਲ ਖਿੜੇ ਰਹਿੰਦੇ ਸਨ। ਮਹਾਰਾਣੀ ਨੂੰ ਖ਼ਾਸ ਕਰ ਕੇ ਗੁਲਾਬ ਦੇ ਫੁੱਲਾਂ ਨਾਲ ਬਹੁਤ ਪਿਆਰ ਸੀ ਅਤੇ ਇਸ ਲਈ ਉਸ ਕੋਲ, ਜੰਗਲੀ ਝਾੜੀ ਦੇ ਗੁਲਾਬ ਦੇ ਫੁੱਲਾਂ, ਜਿਨ੍ਹਾਂ ਦੀਆਂ ਪੱਤੀਆਂ ਦੀ ਖ਼ੁਸ਼ਬੂ ਸੇਬਾਂ ਦੀ ਖ਼ੁਸ਼ਬੂ ਵਰਗੀ ਸੀ, ਤੋਂ ਲੈ ਕੇ ਹਰ ਪ੍ਰਾਂਤ ਦੇ ਸ਼ਾਨਦਾਰ ਗੁਲਾਬ ਦੇ ਫੁੱਲਾਂ ਦੀਆਂ ਸਭ ਤੋਂ ਖ਼ੂਬਸੂਰਤ ਕਿਸਮਾਂ ਸਨ। ਇਨ੍ਹਾਂ ਬੂਟਿਆਂ ਦੀਆਂ ਵੇਲਾਂ, ਬਾਗ਼ ਦੀਆਂ ਕੰਧਾਂ ਦੇ ਨਾਲ-ਨਾਲ ਹੋ ਕੇ, ਥੰਮ੍ਹਾਂ ਤੇ ਬਾਰੀਆਂ ਦੇ ਜੰਗਲਿਆਂ ਤੋਂ ਹੁੰਦੀਆਂ ਹੋਈਆਂ, ਬਾਰੀਆਂ ਤੇ ਵੱਡੇ ਕਮਰਿਆਂ ਦੀਆਂ ਛੱਤਾਂ ਤੱਕ ਪਹੁੰਚ ਜਾਂਦੀਆਂ ਸਨ। ਉੱਥੇ ਹਰ ਕਿਸਮ ਦੀ ਖ਼ੁਸ਼ਬੂ ਤੇ ਰੰਗਾਂ ਦੇ ਫੁੱਲ ਸਨ।

ਪਰ ਇਨ੍ਹਾਂ ਕਮਰਿਆਂ ਨੂੰ ਚਿੰਤਾ ਤੇ ਫ਼ਿਕਰ ਨੇ ਘੇਰ ਲਿਆ, ਰਾਣੀ ਬਿਮਾਰ ਹੋ ਕੇ ਮੰਜੇ ’ਤੇ ਪੈ ਗਈ। ਡਾਕਟਰਾਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਬਚੇਗੀ ਨਹੀਂ। ਉਦੋਂ ਹੀ ਸਭ ਤੋਂ ਬੁੱਧੀਮਾਨ ਵਿਅਕਤੀਆਂ ’ਚੋਂ ਇੱਕ ਕਹਿਣ ਲੱਗਾ, ‘‘ਹਾਲੀ ਵੀ, ਇੱਕ ਚੀਜ਼ ਨਾਲ ਇਸ ਦਾ ਬਚਾਅ ਹੋ ਸਕਦਾ ਹੈ। ਦੁਨੀਆ ਦਾ ਸਭ ਤੋਂ ਖ਼ੂਬਸੂਰਤ ਗੁਲਾਬ ਲਿਆਂਦਾ ਜਾਵੇ ਜੋ ਕਿ ਸਭ ਤੋਂ ਪਵਿੱਤਰ ਤੇ ਸੱਚੇ ਪਿਆਰ ਦਾ ਪ੍ਰਦਰਸ਼ਨ ਕਰੇ, ਉਸ ਨੂੰ ਜੇ ਰਾਣੀ ਦੀਆਂ ਅੱਖਾਂ ਬੰਦ ਹੋਣ ਤੋਂ ਪਹਿਲਾਂ ਉਸ ਦੀਆਂ ਅੱਖਾਂ ਸਾਹਮਣੇ ਕੀਤਾ ਜਾਵੇ, ਤਾਂ ਉਹ ਨਹੀਂ ਮਰੇਗੀ।’’

ਫੇਰ, ਦੁਨੀਆ ਦੇ ਸਾਰੇ ਹਿੱਸਿਆਂ ’ਚੋਂ ਲੋਕੀਂ ਗੁਲਾਬ ਦੇ ਫੁੱਲ ਲੈ ਕੇ ਆਏ, ਜਿਹੜੇ ਕਿ ਉਨ੍ਹਾਂ ਦੇ ਬਾਗ਼ਾਂ ’ਚ ਖਿੜੇ ਹੋਏ ਸਨ, ਪਰ ਉਨ੍ਹਾਂ ’ਚੋਂ ਕੋਈ ਫੁੱਲ ਵੀ ਉਚਿਤ ਕਿਸਮ ਦਾ ਨਹੀਂ ਸੀ। ਫੁੱਲ ਜ਼ਰੂਰ ਹੀ ਪਿਆਰ ਦੇ ਬਾਗ਼ ’ਚੋਂ ਆਉਣਾ ਚਾਹੀਦਾ ਸੀ, ਪਰ ਉਨ੍ਹਾਂ ’ਚੋਂ ਕਿਹੜਾ ਗੁਲਾਬ ਦਾ ਫੁੱਲ ਆਪਣਾ ਸੱਚਾ ਤੇ ਪਵਿੱਤਰ ਪਿਆਰ ਦਿਖਾ ਸਕਦਾ ਸੀ? ਕਵੀਆਂ ਨੇ, ਦੁਨੀਆ ਦੇ ਸਭ ਤੋਂ ਪਿਆਰੇ ਗੁਲਾਬ ਦੇ ਫੁੱਲਾਂ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ, ਤੇ ਆਪਣੀ ਸਮਝ ਅਨੁਸਾਰ ਅਜਿਹੇ ਫੁੱਲਾਂ ਦੇ ਢੁਕਵੇਂ ਨਾਮ ਰੱਖਣ ਲੱਗੇ ਤੇ ਇਸ ਦੀ ਸੂਚਨਾ ਦੂਰ- ਨੇੜੇ ਹਰ ਉਮਰ ਤੇ ਹਰ ਵਰਗ ਨਾਲ ਸਬੰਧਿਤ ਵਿਅਕਤੀ ਨੂੰ ਭੇਜਣ ਲੱਗੇ, ਜਿਸ ਦਾ ਵੀ ਦਿਲ ਪਿਆਰ ਨਾਲ ਧੜਕਦਾ ਸੀ।

ਬੁੱਧੀਮਾਨ ਵਿਅਕਤੀ ਕਹਿਣ ਲੱਗਾ, ‘‘ਹਾਲੀ ਕਿਸੇ ਨੇ ਵੀ ਉਸ ਖ਼ਾਸ ਫੁੱਲ ਦਾ ਨਾਮ ਨਹੀਂ ਲਿਆ, ਕਿਸੇ ਨੇ ਵੀ ਉਸ ਜਗ੍ਹਾ ਬਾਰੇ ਨਹੀਂ ਦੱਸਿਆ, ਜਿੱਥੇ ਇਹ ਆਪਣੀ ਪੂਰੀ ਸ਼ਾਨ ਨਾਲ ਖਿੜ ਰਿਹਾ ਹੋਵੇ। ਇਹ ਗੁਲਾਬ ਰੋਮੀਓ ਤੇ ਜੂਲੀਅਟ ਦੀ ਕਬਰ ਤੋਂ ਨਹੀਂ ਮਿਲਣਾ, ਤੇ ਨਾ ਹੀ ਵਾਲਬ੍ਰਗ (ਇੱਕ ਸੰਤ ਦਾ ਨਾਮ) ਦੀ ਕਬਰ ਤੋਂ ਲੱਭਣਾ ਹੈ, ਭਾਵੇਂ ਕਿ ਉੱਥੇ ਉੱਗੇ ਹੋਏ ਗੁਲਾਬ ਵੀ ਅਮਰ ਹਨ। ਇਹ ਗੁਲਾਬ ਵਿੰਕੋਲੇ (ਸਵਿਸ ਦੇਸ਼ ਦਾ ਬਹਾਦਰ ਯੋਧਾ) ਦੇ ਉਸ ਖ਼ੂਨ ’ਚ ਵੀ ਨਹੀਂ ਉੱਗਣ ਵਾਲਾ, ਜੋ ਉਸ ਨੇ ਬਹਾਦਰੀ ਨਾਲ ਲੜਦੇ ਹੋਏ ਨੇ ਆਪਣੇ ਦੇਸ਼ ਲਈ ਵਹਾਇਆ ਸੀ। ਉਹ ਖ਼ੂਨ, ਜੋ ਕਿਸੇ ਬਹਾਦਰ ਯੋਧੇ ਦੀ ਛਾਤੀ ’ਚੋਂ ਆਪਣੇ ਦੇਸ਼ ਲਈ ਸ਼ਹੀਦ ਹੋਣ ਲਈ ਡੁੱਲ੍ਹਦਾ ਹੈ, ਉਹ ਪਵਿੱਤਰ ਹੁੰਦਾ ਹੈ, ਤੇ ਉਸ ਦੀ ਯਾਦ ਬੜੀ ਪਿਆਰੀ ਬਣ ਜਾਂਦੀ ਹੈ ਅਤੇ ਕੋਈ ਵੀ ਗੁਲਾਬ ਦਾ ਫੁੱਲ ਉਸ ਲਹੂ ਤੋਂ ਜ਼ਿਆਦਾ ਲਾਲ ਨਹੀਂ ਹੋ ਸਕਦਾ, ਜੋ ਉਸ ਦੀਆਂ ਨਾੜਾਂ ’ਚ ਦੌੜਦਾ ਹੈ ਅਤੇ ਨਾ ਹੀ ਇਹ ਵਿਗਿਆਨ ਦਾ ਕੋਈ ਜਾਦੂਈ ਤੇ ਹੈਰਾਨ ਕਰਨ ਵਾਲਾ ਫੁੱਲ ਹੋ ਸਕਦਾ ਹੈ, ਜਿਸ ਦੀ ਥਾਹ ਪਾਉਣ ਲਈ ਲੋਕ ਆਪਣੀ ਜਵਾਨੀ ਦਾ ਬਹੁਤ ਸਾਰਾ ਸਮਾਂ, ਰਾਤਾਂ ਨੂੰ ਬਿਨਾਂ ਸੁੱਤਿਆਂ, ਇੱਕੋ ਕਮਰੇ ’ਚ ਬਿਤਾ ਦਿੰਦੇ ਹਨ।’’

ਇੱਕ ਮਾਂ ਖ਼ੁਸ਼ੀ ਖ਼ੁਸ਼ੀ, ਆਪਣੇ ਬੱਚੇ ਨੂੰ ਚੁੱਕੀ ਹੋਈ, ਰਾਣੀ ਦੇ ਮੰਜੇ ਦੇ ਨੇੜੇ ਆ ਕੇ ਕਹਿਣ ਲੱਗੀ, ‘‘ਮੈਨੂੰ ਪਤਾ ਹੈ ਇਹ ਫੁੱਲ ਕਿੱਥੇ ਹੈ, ਮੈਂ ਜਾਣਦੀ ਹਾਂ, ਦੁਨੀਆ ’ਚ ਸਭ ਤੋਂ ਸੋਹਣਾ ਗੁਲਾਬ ਦਾ ਫੁੱਲ ਕਿੱਥੇ ਹੈ। ਇਹ ਤਾਂ ਮੇਰੇ ਪਿਆਰੇ ਬੱਚੇ ਦੀਆਂ ਗੱਲ੍ਹਾਂ ਦੀ ਲਾਲੀ ਵਿੱਚ ਉਦੋਂ ਉੱਗਦਾ ਹੈ, ਜਦੋਂ ਇਹ ਆਪਣੇ ਭੋਲੇ-ਭਾਲੇ ਬਚਪਨ ਦਾ ਸੱਚਾ ਤੇ ਪਵਿੱਤਰ ਪਿਆਰ ਦਰਸਾਉਂਦਾ ਹੈ, ਤੇ ਜਦੋਂ ਨੀਂਦ ਤੋਂ ਜਾਗ ਕੇ ਤਾਜ਼ਾ ਦਮ ਹੋ ਕੇ ਆਪਣੀਆਂ ਅੱਖਾਂ ਖੋਲ੍ਹਦਾ ਹੈ, ਤੇ ਬਚਪਨ ਦੇ ਪਿਆਰ ਵਾਲੀ ਮੁਸਕਰਾਹਟ ਨਾਲ ਮੇਰੇ ਵੱਲ ਦੇਖ ਕੇ ਮੁਸਕਰਾਉਂਦਾ ਹੈ।’’

ਬੁੱਧੀਮਾਨ ਵਿਅਕਤੀ ਕਹਿਣ ਲੱਗਾ, ‘‘ਇਹ ਵੀ ਇੱਕ ਪਿਆਰਾ ਜਿਹਾ ਗੁਲਾਬ ਦਾ ਫੁੱਲ ਹੈ, ਪਰ ਇਸ ਤੋਂ ਸੋਹਣਾ ਹਾਲੀ ਇੱਕ ਹੋਰ ਫੁੱਲ ਵੀ ਹੈ।’’

ਇੱਕ ਹੋਰ ਔਰਤ ਕਹਿਣ ਲੱਗੀ, ‘‘ਹਾਂ, ਇਸ ਤੋਂ ਵੀ ਸੋਹਣਾ ਇੱਕ ਹੋਰ ਫੁੱਲ ਹੈ, ਮੈਂ ਇਸ ਨੂੰ ਆਪ ਦੇਖਿਆ ਹੈ। ਇਸ ਤੋਂ ਸ਼ਾਨਦਾਰ ਤੇ ਪਵਿੱਤਰ ਗੁਲਾਬ ਕੋਈ ਖਿੜ ਹੀ ਨਹੀਂ ਸਕਦਾ। ਪਰ ਇਸ ਲਾਲ ਗੁਲਾਬ ਦੀਆਂ ਪੱਤੀਆਂ ਸਫ਼ੈਦ ਜਾਪਦੀਆਂ ਸਨ। ਇਹ ਮੈਨੂੰ ਰਾਣੀ ਦੀਆਂ ਗੱਲ੍ਹਾਂ ’ਚ ਦਿਖਾਈ ਦਿੱਤਾ ਸੀ। ਉਸ ਨੇ ਆਪਣਾ ਸੁਨਹਿਰੀ ਗਾਊਨ ਉਤਾਰ ਦਿੱਤਾ ਸੀ, ਤੇ ਲੰਬੀ ਤੇ ਉਦਾਸ ਰਾਤ ਵਿੱਚ ਆਪਣਾ ਬਿਮਾਰ ਬੱਚਾ ਆਪਣੀਆਂ ਬਾਹਾਂ ’ਚ ਚੁੱਕਿਆ ਹੋਇਆ ਸੀ। ਉਹ ਰੋ ਰਹੀ ਸੀ, ਉਸ ਨੂੰ ਚੁੰਮ ਰਹੀ ਸੀ ਅਤੇ ਉਸ ਲਈ ਪ੍ਰਾਰਥਨਾ ਕਰ ਰਹੀ ਸੀ, ਜਿਵੇਂ ਕਿ ਸਿਰਫ਼ ਇੱਕ ਮਾਂ ਹੀ ਦੁੱਖ ਦੀ ਅਜਿਹੀ ਘੜੀ ’ਚ ਕਰ ਸਕਦੀ ਹੈ।’’

‘‘ਦੁੱਖ ਦਾ ਸਫ਼ੈਦ ਰੰਗ ਦਾ ਗੁਲਾਬ ਬੜਾ ਪਵਿੱਤਰ ਤੇ ਸ਼ਾਨਦਾਰ ਪ੍ਰਭਾਵ ਦਿੰਦਾ ਹੈ, ਪਰ ਇਹ ਉਹ ਨਹੀਂ ਹੈ, ਜਿਸ ਦੀ ਭਾਲ ਵਿੱਚ ਅਸੀਂ ਹਾਂ।’’ ਬੁੱਧੀਮਾਨ ਵਿਅਕਤੀ ਨੇ ਕਿਹਾ। ਨੇਕ ਤੇ ਬਜ਼ੁਰਗ, ਮੁੱਖ ਪਾਦਰੀ ਕਹਿਣ ਲੱਗਾ, ‘‘ਨਹੀਂ, ਸਭ ਤੋਂ ਪਿਆਰਾ ਗੁਲਾਬ ਦਾ ਫੁੱਲ ਮੈਂ ਪ੍ਰਭੂ ਦੀ ਵੇਦੀ ’ਤੇ ਦੇਖਿਆ ਹੈ। ਮੈਂ ਦੇਖਿਆ ਕਿ ਇਹ ਕਿਸੇ ਫ਼ਰਿਸ਼ਤੇ ਦੇ ਚਿਹਰੇ ਵਾਂਗ ਚਮਕ ਰਿਹਾ ਸੀ। ਇੱਕ ਮੁਟਿਆਰ ਵੇਦੀ ’ਤੇ ਗੋਡੇ ਝੁਕਾ ਕੇ ਬੈਠੀ ਹੋਈ ਸੀ ਤੇ ਆਪਣੀਆਂ ਕਸਮਾਂ ਨੂੰ ਦੁਹਰਾ ਰਹੀ ਸੀ, ਜੋ ਉਸ ਨੇ ਆਪਣੇ ਧਰਮ ਦੀ ਦੀਖਿਆ ਪ੍ਰਾਪਤ ਕਰਨ ਸਮੇਂ ਖਾਧੀਆਂ ਸਨ। ਉਸ ਮੁਟਿਆਰ ਦੀਆਂ ਸ਼ਰਮਾਉਂਦੀਆਂ ਹੋਈਆਂ ਗੱਲ੍ਹਾਂ ਵਿੱਚ ਸਫ਼ੈਦ ਤੇ ਲਾਲ ਰੰਗ ਦੇ ਗੁਲਾਬ ਖਿੜ੍ਹ ਰਹੇ ਸਨ। ਉਹ ਜਵਾਨੀ ਦੇ ਜੋਸ਼ ਦੀ ਪਵਿੱਤਰਤਾ ਤੇ ਪਿਆਰ ਨਾਲ ਉੱਪਰ ਪ੍ਰਭੂ ਵੱਲ ਦੇਖ ਰਹੀ ਸੀ ਤੇ ਉਸ ਦੀ ਭਾਵਨਾ ਬੜੀ ਸੁੱਚੀ ਤੇ ਪਵਿੱਤਰ ਪਿਆਰ ਵਾਲੀ ਸੀ।’’

‘‘ਰੱਬ ਉਸ ’ਤੇ ਆਪਣੀ ਕ੍ਰਿਪਾ ਬਣਾਈ ਰੱਖੇ!’’ ਬੁੱਧੀਮਾਨ ਵਿਅਕਤੀ ਨੇ ਕਿਹਾ, ‘‘ਪਰ ਹਾਲੀ ਵੀ ਕਿਸੇ ਨੇ ਦੁਨੀਆ ਦੇ ਸਭ ਤੋਂ ਖ਼ੂਬਸੂਰਤ ਗੁਲਾਬ ਦੇ ਫੁੱਲ ਦਾ ਨਾਮ ਨਹੀਂ ਲਿਆ।’’

ਫੇਰ, ਉਸ ਕਮਰੇ ’ਚ ਇੱਕ ਛੋਟਾ ਬੱਚਾ ਆਇਆ, ਉਹ ਰਾਣੀ ਦਾ ਹੀ ਛੋਟਾ ਪੁੱਤਰ ਸੀ। ਉਸ ਦੀਆਂ ਅੱਖਾਂ ’ਚ ਅੱਥਰੂ ਸਨ ਤੇ ਗੱਲ੍ਹਾਂ ਵੀ ਅੱਥਰੂਆਂ ਨਾਲ ਚਮਕ ਰਹੀਆਂ ਸਨ, ਉਸ ਨੇ ਇੱਕ ਵੱਡੀ ਸਾਰੀ ਕਿਤਾਬ ਚੁੱਕੀ ਹੋਈ ਸੀ, ਜਿਸ ਦੀ ਮਖ਼ਮਲ ਦੀ ਜਿਲਦ ’ਤੇ ਚਾਂਦੀ ਦੀਆਂ ਪੱਤਰੀਆਂ ਲੱਗੀਆਂ ਹੋਈਆਂ ਸਨ। ਉਹ ਛੋਟਾ ਬੱਚਾ ਚੀਕ ਕੇ ਬੋਲਿਆ, ‘‘ਮਾਂ, ਬਸ ਜੋ ਮੈਂ ਪੜ੍ਹਾਂਗਾ, ਤੂੰ ਉਸ ਨੂੰ ਹੀ ਸੁਣਨਾ ਹੈ।’’ ਤੇ ਬੱਚਾ ਮੰਜੇ ਦੇ ਇੱਕ ਪਾਸੇ ਬੈਠ ਕੇ ‘ਉਸ ਪ੍ਰਭੂ’ ਬਾਰੇ ਪੜ੍ਹਨ ਲੱਗਾ, ਜਿਸ ਨੇ ਸਾਰੇ ਲੋਕਾਂ ਨੂੰ ਤੇ ਇੱਥੋਂ ਤੱਕ ਕਿ ਹਾਲੀ, ਜਿਨ੍ਹਾਂ ਲੋਕਾਂ ਨੇ ਜਨਮ ਵੀ ਨਹੀਂ ਸੀ ਲਿਆ, ਉਨ੍ਹਾਂ ਸਾਰਿਆਂ ਨੂੰ ਬਚਾਉਣ ਲਈ ਫਾਂਸੀ ’ਤੇ ਚੜ੍ਹ ਕੇ ਮੌਤ ਨੂੰ ਗਲੇ ਲਗਾਇਆ ਸੀ। ਉਸ ਨੇ ਪੜ੍ਹਿਆ, ‘‘ਕਿਸੇ ਵੀ ਮਨੁੱਖ ’ਚ ਇਸ ਤੋਂ ਜ਼ਿਆਦਾ ਪਿਆਰ ਦੀ ਭਾਵਨਾ ਨਹੀਂ ਹੋ ਸਕਦੀ’’ ਅਤੇ ਜਿਉਂ ਹੀ ਉਸ ਨੇ ਇਹ ਗੱਲ ਪੜ੍ਹੀ, ਤਾਂ ਰਾਣੀ ਦੀਆਂ ਗੱਲ੍ਹਾਂ ’ਤੇ ਗੁਲਾਬੀ ਰੰਗ ਭਾਹ ਮਾਰਨ ਲੱਗ ਪਿਆ, ਤੇ ਉਸ ਦੀਆਂ ਅੱਖਾਂ ’ਚ ਏਨੀ ਚਮਕ ਆ ਗਈ ਤੇ ਸਾਫ਼ ਹੋ ਗਈਆਂ ਕਿ ਉਸ ਨੇ ਕਿਤਾਬ ਦੇ ਸਫ਼ਿਆਂ ’ਚੋਂ, ਇੱਕ ਖ਼ੂਬਸੂਰਤ ਗੁਲਾਬ ਦਾ ਫੁੱਲ ਉੱਛਲਦਾ ਹੋਇਆ ਦੇਖਿਆ, ਜਿਹੜਾ ਕਿ ‘ਉਸੇ ਪ੍ਰਭੂ’ ਵਰਗਾ ਸੀ, ਜਿਸ ਨੇ ਸਲੀਬ ’ਤੇ ਆਪਣਾ ਖ਼ੂਨ ਵਹਾਇਆ ਸੀ।

ਉਹ ਕਹਿਣ ਲੱਗੀ, ‘‘ਮੈਂ ਇਸ ਨੂੰ ਦੇਖ ਰਹੀ ਹਾਂ। ਇਸ ਧਰਤੀ ’ਤੇ ਜੋ ਵੀ ਵਿਅਕਤੀ ਇਸ ਸਭ ਤੋਂ ਖ਼ੂਬਸੂਰਤ ਗੁਲਾਬ ਦੇ ਫੁੱਲ ਨੂੰ ਦੇਖ ਲੈਂਦਾ ਹੈ, ਉਹ ਕਦੇ ਵੀ ਮਰ ਨਹੀਂ ਸਕਦਾ।’’