ਮੈਲਬਰਨ:ਪੰਜਵਾਂ ਦਰਜਾ ਪ੍ਰਾਪਤ ਆਰੀਯਨਾ ਸਬਾਲੇਂਕਾ ਅੱਜ ਇੱਥੇ ਬੇਲਿੰਡਾ ਬੇਨਸਿਚ ਨੂੰ 7-5, 6-2 ਨਾਲ ਹਰਾ ਕੇ ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲ ਹੋ ਗਈ ਹੈ। ਬੇਨਸਿਚ ਨੇ ਡਬਲ ਫਾਊਲ ਕਰਕੇ ਪਹਿਲਾ ਸੈੱਟ ਆਪਣੇ ਹੱਥੋਂ ਗੁਆਇਆ ਅਤੇ ਇਸ ਮਗਰੋਂ ਸਬਾਲੇਂਕਾ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਮਹਿਲਾ ਸਿੰਗਲਜ਼ ਵਿੱਚ ਸਿਖਰਲਾ ਦਰਜਾ ਪ੍ਰਾਪਤ ਇਗਾ ਸਵਿਆਤੇਕ ਅਤੇ ਦੂਜਾ ਦਰਜਾ ਪ੍ਰਾਪਤ ਓਂਸ ਜਾਬੂਰ ਪਹਿਲਾਂ ਹੀ ਹਾਰ ਕੇ ਮੁਕਾਬਲੇ ਵਿੱਚੋਂ ਬਾਹਰ ਹੋ ਚੁੱਕੀਆਂ ਹਨ। ਤੀਜਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਮਹਿਲਾ ਸਿੰਗਲਜ਼ ਦੇ ਆਖ਼ਰੀ ਅੱਠ ਵਿੱਚ ਪਹੁੰਚਣ ਵਾਲੀ ਸਰਵੋਤਮ ਦਰਜੇ ਦੀ ਖਿਡਾਰਨ ਹੈ। ਸਬਾਲੇਂਕਾ ਨੇ ਮੈਚ ਮਗਰੋਂ ਕਿਹਾ, ‘‘ਮੈਂ ਅੱਜ ਦੇ ਮੈਚ ਵਿੱਚ ਜਿੱਤ ਦਰਜ ਕਰਕੇ ਬਹੁਤ ਖੁਸ਼ ਹਾਂ। ਉਹ (ਬੇਨਸਿਚ) ਬਿਹਤਰੀਨ ਖਿਡਾਰਨ ਹੈ ਅਤੇ ਬਹੁਤ ਚੰਗਾ ਖੇਡ ਰਹੀ ਹੈ। ਅੱਜ ਮੈਂ ਜਿਸ ਪੱਧਰ ਦੀ ਟੈਨਿਸ ਖੇਡੀ, ਉਸ ਤੋਂ ਮੈਂ ਸਚਮੁੱਚ ਖੁਸ਼ ਹਾਂ।’’