ਓਟਵਾ, 15 ਨਵੰਬਰ : ਲਿਬਰਲ ਸਰਕਾਰ ਵੱਲੋਂ ਨੈਕਸਟ ਜੈਨਰੇਸ਼ਨ ਮੋਬਾਈਲ ਨੈੱਟਵਰਕਸ ਬਾਰੇ ਆਪਣੀ ਨੀਤੀ ਦਾ ਖੁਲਾਸਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਗਲੋਬਲ ਸਕਿਊਰਿਟੀ ਮਾਹਿਰਾਂ ਦਾ ਕਹਿਣਾ ਹੈ ਕਿ ਸਾਰੇ ਸੰਕੇਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸਰਕਾਰ ਵੱਲੋਂ ਚੀਨੀ ਵੈਂਡਰ ਹੁਆਵੇ ਟੈਕਨਾਲੋਜੀਜ਼ ਨੂੰ ਆਪਣੇ ਇਸ ਨੈੱਟਵਰਕ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
5ਜੀ,ਜਾਂ ਫਿਫਥ ਜੈਨਰੇਸ਼ਨ ਨੈੱਟਵਰਕਸ ਨਾਲ ਲੋਕਾਂ ਨੂੰ ਆਨਲਾਈਨ ਕੁਨੈਕਸ਼ਨਜ਼ ਤੇਜ਼ੀ ਨਾਲ ਮਿਲਣਗੇ ਤੇ ਇੰਟਰਨੈੱਟ ਨਾਲ ਸਬੰਧਤ ਲੋਕਾਂ ਦੀ ਵੱਖ ਵੱਖ ਤਰ੍ਹਾਂ ਦੀ ਮੰਗ ਤੇਜ਼ੀ ਨਾਲ ਪੂਰੀ ਹੋ ਸਕੇਗੀ। ਇਸ ਦੇ ਨਾਲ ਹੀ ਵਰਚੂਅਲ ਰਿਐਲਿਟੀ, ਗੇਮਿੰਗ ਤੇ ਡਰਾਈਵਰ ਤੋਂ ਬਿਨਾਂ ਚੱਲਣ ਵਾਲੀਆਂ ਗੱਡੀਆਂ ਦਾ ਸੁਪਨਾ ਹਕੀਕਤ ਵਜੋਂ ਸਾਕਾਰ ਹੋ ਸਕੇਗਾ।
ਕੰਜ਼ਰਵੇਟਿਵਾਂ ਵੱਲੋਂ ਲੰਮੇਂ ਸਮੇਂ ਤੋਂ ਲਿਬਰਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਦੇਸ਼ ਦੇ 5ਜੀ ਇਨਫਰਾਸਟ੍ਰਕਚਰ ਦੇ ਨਿਰਮਾਣ ਵਿੱਚ ਹੁਆਵੇ ਨੂੰ ਕੋਈ ਭੂਮਿਕਾ ਨਾ ਨਿਭਾਉਣ ਦੇਣ। ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਇਸ ਨਾਲ ਚੀਨ ਨੂੰ ਬੜੀ ਸਹਿਜਤਾ ਨਾਲ ਕੈਨੇਡੀਅਨਜ਼ ਉੱਤੇ ਜਾਸੂਸੀ ਕਰਨ ਵਾਸਤੇ ਰਾਹ ਪੱਧਰਾ ਹੋ ਜਾਵੇਗਾ। ਜੇ ਹੁਆਵੇ ਨੂੰ ਕੈਨੇਡਾ ਵਿੱਚ ਆਪਣੇ ਪੈਰ ਪਸਾਰਨ ਵਿੱਚ ਮਦਦ ਮਿਲਦੀ ਹੈ ਤਾਂ ਉਹ ਸੁਖਾਲੇ ਢੰਗ ਨਾਲ ਇਹ ਪਤਾ ਲਾ ਸਕਦੇ ਹਨ ਕਿ ਕੈਨੇਡੀਅਨ ਕਸਟਮਰਜ਼ ਵੱਲੋਂ ਇੰਟਰਨੈੱਟ ਨਾਲ ਜੁੜੀਆਂ ਡਿਵਾਇਸਾਂ ਦੀ ਵਰਤੋਂ ਕਿਵੇਂ, ਕਦੋਂ ਤੇ ਕਿੱਥੇ ਕੀਤੀ ਜਾਂਦੀ ਹੈ। ਇਹ ਵੀ ਮੰਨਣਾ ਹੈ ਕਿ ਬਦਲੇ ਵਿੱਚ ਚੀਨੀ ਸਕਿਊਰਿਟੀ ਏਜੰਸੀਆਂ ਕੰਪਨੀ ਨੂੰ ਨਿਜੀ ਜਾਣਕਾਰੀ ਆਪਣੇ ਹਵਾਲੇ ਕਰਨ ਲਈ ਮਜਬੂਰ ਕਰ ਸਕਦੀਆਂ ਹਨ।
ਇਹ ਤੌਖਲੇ ਅਕਾਰਨ ਨਹੀਂ ਹਨ ਸਗੋਂ ਇਸ ਤੱਥ ਉੱਤੇ ਅਧਾਰਤ ਹਨ ਕਿ ਚੀਨ ਦੇ ਨੈਸ਼ਨਲ ਇੰਟੈਲੀਜੈਂਸ ਲਾਅ ਅਨੁਸਾਰ ਚੀਨੀ ਆਰਗੇਨਾਈਜ਼ੇਸ਼ਨ ਤੇ ਸਿਟੀਜਨਜ਼ ਨੂੰ ਦੇਸ਼ ਦੇ ਖੁਫੀਆ ਨੈੱਟਵਰਕ ਦੀ ਮਦਦ ਕਰਨੀ ਹੋਵੇਗੀ ਤੇ ਇਸ ਲਈ ਸਹਿਯੋਗ ਵੀ ਦੇਣਾ ਹੋਵੇਗਾ।ਪਰ ਹੁਆਵੇ ਦਾ ਕਹਿਣਾ ਹੈ ਕਿ ਉਹ ਆਜ਼ਾਦਾਨਾ ਕੰਪਨੀ ਹੈ, ਜੋ ਕਿ ਚੀਨ ਸਮੇਤ ਕਿਸੇ ਕਿਸਮ ਦੀ ਜਾਸੂਸੀ ਵਿੱਚ ਸ਼ਾਮਲ ਨਹੀਂ ਹੈ।