ਕਰਾਚੀ, 27 ਅਕਤੂਬਰ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਰ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਏ ਜਦੋਂ ਉਨ੍ਹਾਂ ਨੇ ਇਕ ਟੀਵੀ ਪ੍ਰੋਗਰਾਮ ਨੂੰ ਵਿਚਾਲੇ ਛੱਡ ਕੇ ਕ੍ਰਿਕਟ ਮਾਹਿਰ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਪੀਟੀਵੀ ਦੇ ਮੇਜ਼ਬਾਨ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ ਸੀ। ਅਖ਼ਤਰ ਨੇ ਕਿਹਾ ਮੰਗਲਵਾਰ ਨੂੰ ਪਾਕਿਸਤਾਨ ਦੀ ਟੀ-20 ਟੀਮ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ’ਤੇ ਪੰਜ ਵਿਕਟਾਂ ਦੀ ਜਿੱਤ ਬਾਅਦ ਪ੍ਰੋਗਰਾਮ ਦੇ ਮੇਜ਼ਬਾਨ ਉਨ੍ਹਾਂ ਨਾਲ ਬੁਰੀ ਤਰ੍ਹਾਂ ਪੇਸ਼ ਆਏ ਤੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ। ਅਖ਼ਤਰ ਉਠੇ, ਮਾਈਕ੍ਰੋਫੋਨ ਹਟਾਇਆ ਅਤੇ ਚਲੇ ਗਏ। ਸ਼ੋਅ ਦੇ ਮੇਜ਼ਬਾਨ ਨੌਮਾਨ ਨਿਆਜ਼ ਨੇ ਉਨ੍ਹਾਂ ਨੂੰ ਵਾਪਸ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸ਼ੋਅ ਜਾਰੀ ਰੱਖਿਆ। ਪਰ ਉਥੇ ਮੌਜੂਦ ਦੂਜੇ ਮਹਿਮਾਨ ਸਰ ਵਿਵਿਅਨ ਰਿਚਰਡਸ, ਡੇਵਿਡ ਗਾਵਰ, ਰਾਸ਼ਿਦ ਲਤੀਫ, ਉਮਰ ਗੁਲ, ਆਕੀਬ ਜਾਵੇਦ ਅਤੇ ਪਾਕਿਸਤਾਨ ਮਹਿਲਾ ਟੀਮ ਦੀ ਕਪਤਾਨ ਸਨਾ ਮੀਰ ਇਸ ਤੋਂ ਹੈਰਾਨ ਸਨ।