ਚੇਨੱਈ:ਭਾਰਤ ਨੇ ਬੀ. ਅਧਿਬਾਨ, ਡੀ. ਹਰਿਕਾ ਅਤੇ ਨਿਹਾਲ ਸਰੀਨ ਦੀ ਸ਼ਾਨਦਾਰ ਖੇਡ ਸਦਕਾ ਯੂਕਰੇਨ ਨੂੰ ਟਾਈਬ੍ਰੇਕਰ ਵਿੱਚ ਹਰਾ ਕੇ ਅੱਜ ਫਿਡੇ ਆਨਲਾਈਨ ਸ਼ਤਰੰਜ ਓਲੰਪਿਆਡ ਦੇ ਸੈਮੀ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਬਲਿਟਜ਼ ਵਰਗ ’ਚ ਖੇਡੇ ਗਏ ਟਾਈਬ੍ਰੇਕਰ ’ਚ ਭਾਰਤ ਨੇ ਯੂਕਰੇਨ ਨੂੰ 5-1 ਨਾਲ ਹਰਾਇਆ। ਭਾਰਤ ਵੱਲੋਂ ਅਧਿਬਾਨ, ਹਰਿਕਾ, ਸਰੀਨ ਅਤੇ ਆਰ. ਵੈਸ਼ਾਲੀ ਨੇ ਬਾਜ਼ੀਆਂ ਜਿੱਤੀਆਂ। ਭਾਰਤ ਦੀ ਉੱਚ ਮਹਿਲਾ ਖਿਡਾਰਨ ਕੋਨੇਰ ਹੰਪੀ ਦੀ ਲੁਲਿਜਾ ਓਸਮਾਕ ਨਾਲ ਬਾਜ਼ੀ ਡਰਾਅ ਰਹੀ ਜਦਕਿ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਆਰਾਮ ਦਿੱਤੇ ਜਾਣ ਕਾਰਨ ਟੌਪ ਬੋਰਡ ’ਤੇ ਖੇਡ ਰਹੇ ਵਿਦਿਤ ਗੁਜਰਾਤੀ ਨੂੰ ਯੂਕਰੇਨ ਦੇ ਤਰਜਬੇਕਾਰ ਵੈਸਲੀ ਇਵਾਨਚੁਕ ਨਾਲ ਅੰਕ ਵੰਡਣੇ ਪੲੇ। ਟਾਈਬ੍ਰੇਕਰ ’ਚ ਅਧਿਬਾਨ ਨੇ ਯੂਕਰੇਨ ਦੇ ਕਿਰੀਲ ਸ਼ੇਵਚੇਂਕੋ ਨੂੰ ਲਾਰਸਨ ਇੰਡੀਅਨ ਵੇਰੀਏਸ਼ਨ ਵਿੱਚ 36 ਚਾਲਾਂ ’ਚ ਹਰਾਇਆ। ਸ਼ੇਵਚੇਂਕੋ ਨੇ ਇਸ ਤੋਂ ਪਹਿਲਾਂ ਪੀ. ਹਰੀਕ੍ਰਿਸ਼ਨਾ ਡਰਾਅ ’ਤੇ ਰੋਕਿਆ ਅਤੇ ਗੁਜਰਾਤੀ ਨੂੰ ਹਰਾਇਆ ਸੀ। ਸੈਮੀ ਫਾਈਨਲ ’ਚ ਭਾਰਤ ਦਾ ਮੁਕਾਬਲਾ ਅਮਰੀਕਾ ਜਾਂ ਕਜ਼ਾਖਸਤਾਨ ਦੀ ਟੀਮ ਨਾਲ ਹੋਵੇਗਾ।