ਇਸਲਾਮਾਬਾਦ, 19 ਮਈ

ਵੰਡ ਸਮੇਂ ਹੋਈ ਹਿੰਸਾ ਦੌਰਾਨ ਆਪਣੇ ਪਰਿਵਾਰ ਤੋਂ ਵਿਛੜੀ ਸਿੱਖ ਪਰਿਵਾਰ ’ਚ ਜਨਮੀ ਮਹਿਲਾ 75 ਸਾਲਾਂ ਬਾਅਦ ਕਰਤਾਰਪੁਰ ’ਚ ਭਾਰਤ ਤੋਂ ਆਏ ਆਪਣੇ ਭਰਾਵਾਂ ਨਾਲ ਮਿਲੀ। ਬਾਬੇ ਨਾਨਕ ਦੇ ਦਰ ’ਤੇ ਇਹ ਮਿਲਾਪ ਸੰਭਵ ਹੋ ਸਕਿਆ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ 1947 ਦੀ ਵੰਡ ਵੇਲੇ ਮੁਮਤਾਜ਼ ਬੀਬੀ, ਜੋ ਸਿੱਖ ਪਰਿਵਾਰ ’ਚ ਜਨਮੀ ਸੀ, ਆਪਣੀ ਮਾਂ ਦੀ ਲਾਸ਼ ਕੋਲ ਪਈ ਸੀ ਜਿਸ ਨੂੰ ਦੰਗਾਕਾਰੀ ਭੀੜ ਨੇ ਮਾਰ ਮੁਕਾਇਆ ਸੀ। ਮੁਹੰਮਦ ਇਕਬਾਲ ਅਤੇ ਅੱਲਾ ਰੱਖੀ ਨੇ ਬੱਚੀ ਨੂੰ ਆਪਣੀ ਧੀ ਵਾਂਗ ਪਾਲਿਆ ਅਤੇ ਉਸ ਦਾ ਨਾਮ ਮੁਮਤਾਜ਼ ਬੀਬੀ ਰੱਖਿਆ। ਵੰਡ ਤੋਂ ਬਾਅਦ ਇਕਬਾਲ ਨੇ ਲਹਿੰਦੇ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਵਾਰਿਕਾ ਤੀਆਂ ਵਿੱਚ ਘਰ ਬਣਾ ਲਿਆ ਸੀ। ਦੋਵੇਂ ਮੀਆਂ-ਬੀਵੀ ਨੇ ਮੁਮਤਾਜ਼ ਨੂੰ ਨਹੀਂ ਦੱਸਿਆ ਸੀ ਕਿ ਉਹ ਉਨ੍ਹਾਂ ਦੀ ਧੀ ਨਹੀਂ ਹੈ। ਦੋ ਸਾਲ ਪਹਿਲਾਂ ਇਕਬਾਲ ਦੀ ਸਿਹਤ ਜਦੋਂ ਅਚਾਨਕ ਵਿਗੜੀ ਤਾਂ ਉਸ ਨੇ ਮੁਮਤਾਜ਼ ਨੂੰ ਸਚਾਈ ਬਿਆਨ ਕੀਤੀ ਅਤੇ ਦੱਸਿਆ ਕਿ ਉਹ ਸਿੱਖ ਪਰਿਵਾਰ ਨਾਲ ਸਬੰਧਤ ਹੈ। ਇਕਬਾਲ ਦੀ ਮੌਤ ਮਗਰੋਂ ਮੁਮਤਾਜ਼ ਅਤੇ ਉਸ ਦੇ ਪੁੱਤਰ ਸ਼ਾਹਬਾਜ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਅਸਲ ਪਰਿਵਾਰ ਨੂੰ ਲੱਭਣਾ ਸ਼ੁਰੂ ਕੀਤਾ। ਉਹ ਮੁਮਤਾਜ਼ ਦੇ ਅਸਲ ਪਿਤਾ ਅਤੇ ਪਟਿਆਲਾ ਜ਼ਿਲ੍ਹੇ ’ਚ ਪੈਂਦੇ ਪਿੰਡ (ਸ਼ੁਤਰਾਣਾ) ਬਾਰੇ ਜਾਣਦੇ ਸਨ ਜਿਥੇ ਪਰਿਵਾਰ ਆ ਕੇ ਵਸ ਗਿਆ ਸੀ। ਦੋਵੇਂ ਪਰਿਵਾਰਾਂ ਦਾ ਮੇਲ ਸੋਸ਼ਲ ਮੀਡੀਆ ਰਾਹੀਂ ਸੰਭਵ ਹੋ ਸਕਿਆ। ਮੁਮਤਾਜ਼ ਦੇ ਭਰਾ ਗੁਰਮੀਤ ਸਿੰਘ, ਨਰਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ। ਮੁਮਤਾਜ਼ ਵੀ ਪਰਿਵਾਰ ਨਾਲ ਉਥੇ ਪੁੱਜੀ ਅਤੇ 75 ਸਾਲਾਂ ਬਾਅਦ ਆਪਣੇ ਵਿਛੜੇ ਹੋਏ ਭਰਾਵਾਂ ਨੂੰ ਮਿਲੀ।