ਮੁੰਬਈ:ਅਦਾਕਾਰਾ ਪ੍ਰਿਯੰਕਾ ਚੋਪੜਾ ਹੌਲੀਵੁੱਡ ਜਾਸੂਸੀ ਵੈੱਬ ਸੀਰੀਜ਼ ‘ਸਿਟਾਡੇਲ’ ਵਿਚ ਨਜ਼ਰ ਆਵੇਗੀ ਜਿਸ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸੀਰੀਜ਼ ਵਿੱਚ ਪ੍ਰਿਯੰਕਾ ਨਵੇਂ ਰੂਪ ਵਿਚ ਸਾਹਮਣੇ ਆਵੇਗੀ। ਐਂਥਨੀ ਰੂਸੋ ਅਤੇ ਜੋਸੇਫ ਰੂਸੋ ਵਲੋਂ ਨਿਰਦੇਸ਼ਿਤ ਸੀਰੀਜ਼ ਵਿੱਚ ਪ੍ਰਿਯੰਕਾ ਜਾਸੂਸ ਨਾਦੀਆ ਸਿੰਘ ਦੇ ਕਿਰਦਾਰ ਵਿਚ ਨਜ਼ਰ ਆਵੇਗੀ, ਜਿਸਦੀ ਕਾਗਜ਼ਾਂ ਵਿੱਚ ਮੌਤ ਹੋ ਚੁੱਕੀ ਹੈ। ਇਸ ਸੀਰੀਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਪ੍ਰਸ਼ੰਸਕਾਂ ਦਾ ਇਸ ਸੀਰੀਜ਼ ਵਿਚ ਉਤਸ਼ਾਹ ਵਧ ਗਿਆ ਹੈ ਤੇ ਉਹ ਪ੍ਰਿਯੰਕਾ ਦੇ ਨਵੇਂ ਰੂਪ ਬਾਰੇ ਟਿੱਪਣੀਆਂ ਵੀ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਵਿਚੋਂ ਪਹਿਲੀ ਵਿੱਚ ਪ੍ਰਿਯੰਕਾ ਐਕਸ਼ਨ ਅਤੇ ਦੂਜੀ ਵਿਚ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਸੀਰੀਜ਼ ਦਾ 28 ਅਪਰੈਲ ਨੂੰ ਪ੍ਰਾਈਮ ਵੀਡੀਓ ’ਤੇ ਦੋ ਐਪੀਸੋਡਾਂ ਨਾਲ ਪ੍ਰੀਮੀਅਰ ਹੋਵੇਗਾ। ਇਸ ਤੋਂ ਬਾਅਦ ਹਰ ਸ਼ੁੱਕਰਵਾਰ 26 ਮਈ ਤੱਕ ਹਫਤਾਵਾਰੀ ਇੱਕ ਨਵਾਂ ਐਪੀਸੋਡ ਰਿਲੀਜ਼ ਕੀਤਾ ਜਾਵੇਗਾ। ਸਿਟਾਡੇਲ ਦੇ ਹਿੰਦੀ ਰੀਮੇਕ ਦਾ ਪਹਿਲਾਂ ਹੀ ਐਲਾਨ ਹੋ ਚੁੱਕਾ ਹੈ ਜਿਸ ਨੂੰ ਰਾਜ ਨਿਦਿਮੋਰੂ ਤੇ ਕ੍ਰਿਸ਼ਨਾ ਡੀਕੇ ਵਲੋਂ ਬਣਾਇਆ ਜਾਵੇਗਾ। ਇਸ ਸੀਰੀਜ਼ ਵਿੱਚ ਮੁੱਖ ਭੂਮਿਕਾਵਾਂ ਵਰੁਣ ਧਵਨ ਤੇ ਸਾਮੰਥਾ ਪ੍ਰਭੂ ਨਿਭਾਉਣਗੇ। ਇਸ ਤੋਂ ਪਹਿਲਾਂ ਸਾਮੰਥਾ ਨੇ ਇਸ ਸੀਰੀਜ਼ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਸਨ।