ਓਟਵਾ, 24 ਜਨਵਰੀ : ਫੈਡਰਲ ਸਰਕਾਰ ਦੀ ਕਰੌਸ ਬਾਰਡਰ ਟਰੈਵਲ ਵੈਕਸੀਨ ਮੈਨਡੇਟ ਦੇ ਖਿਲਾਫ ਵਿਰੋਧ ਕਰਨ ਦੀ ਯੋਜਨਾ ਦੀ ਕੈਨੇਡਾ ਭਰ ਦੇ ਟਰੱਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਵੱਲੋਂ ਨਿਖੇਧੀ ਕੀਤੀ ਗਈ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮੁਜ਼ਾਹਰੇ ਕਿਸੇ ਨੀਤੀ ਦੀ ਖਿਲਾਫਤ ਕਰਨ ਦਾ ਸੇਫ ਤੇ ਪ੍ਰਭਾਵਸ਼ਾਲੀ ਢੰਗ ਨਹੀਂ ਹੁੰਦੇ।
ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਬ੍ਰਿਟਿਸ਼ ਕੋਲੰਬੀਆ ਤੋਂ ਓਟਵਾ ਲਈ ਰਵਾਨਾ ਹੋਣ ਵਾਲੇ ਗੈਰ ਵੈਕਸੀਨੇਟਿਡ ਟਰੱਕਰਜ਼ ਦੇ ਕਾਫਲੇ ਤੋਂ 24 ਘੰਟੇ ਪਹਿਲਾਂ ਇਹ ਬਿਆਨ ਦਿੱਤ਼ਾ। ਇਨ੍ਹਾਂ ਟਰੱਕਰਜ਼ ਦੀ ਯੋਜਨਾ ਇਹ ਹੈ ਕਿ 29 ਜਨਵਰੀ ਨੂੰ ਹੋਣ ਵਾਲੇ ਇਸ ਮੁਜ਼ਾਹਰੇ ਲਈ ਇਸ ਕਾਫਲੇ ਨਾਲ ਕੈਨੇਡਾ ਭਰ ਤੋਂ ਹੋਰ ਡਰਾਈਵਰਾਂ ਦੇ ਫਲੀਟ ਵੀ ਜੁੜਨਗੇ।ਫਿਰ ਉੱਥੇ ਕੈਨੇਡਾ-ਯੂਐਸ ਬਾਰਡਰ ਪਾਰ ਕਰਨ ਲਈ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਵੈਕਸੀਨੇਟਿਡ ਹੋਣ ਦੇ ਫੈਡਰਲ ਸਰਕਾਰ ਵੱਲੋਂ ਐਲਾਨੇ ਨਿਯਮ ਦੇ ਵਿਰੋਧ ਵਿੱਚ ਰੈਲੀ ਕੀਤੀ ਜਾਵੇਗੀ।
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਕਿ ਉਹ ਪਬਲਿਕ ਰੋਡਵੇਜ਼, ਹਾਈਵੇਅਜ਼ ਤੇ ਪੁਲਾਂ ਉੱਤੇ ਕੀਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਮੁਜ਼ਾਹਰੇ ਦਾ ਸਮਰਥਨ ਨਹੀਂ ਕਰਦੀ।ਅਲਾਇੰਸ ਨੇ ਆਖਿਆ ਕਿ ਵੱਡੀ ਗਿਣਤੀ ਵਿੱਚ ਕੈਨੇਡੀਅਨ ਟਰੱਕਿੰਗ ਇੰਡਸਟਰੀ ਦੇ ਮੈਂਬਰਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ।ਇਹ ਵੀ ਆਖਿਆ ਗਿਆ ਕਿ ਟਰੱਕ ਡਰਾਈਵਰਾਂ ਦਰਮਿਆਨ ਇਮਿਊਨਾਈਜ਼ੇਸ਼ਨ ਦਰ ਆਮ ਜਨਤਾ ਦੇ ਮੁਕਾਬਲੇ ਕਿਤੇ ਜਿ਼ਆਦਾ ਹੈ।
ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਕੈਨੇਡਾ ਤੇ ਅਮਰੀਕਾ ਵਿੱਚ ਕਰੌਸ ਬਾਰਡਰ ਵੈਕਸੀਨੇਸ਼ਨ ਨਿਯਮ ਹੋਂਦ ਵਿੱਚ ਆਉਣ ਦਾ ਹਵਾਲਾ ਦੇ ਕੇ ਸਾਰੇ ਟਰੱਕਰਜ਼ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਇਸ ਨਿਯਮ ਵਿੱਚ ਕੋਈ ਤਬਦੀਲੀ ਨਹੀਂ ਹੋਣ ਵਾਲੀ ਤੇ ਇੱਕ ਇੰਡਸਟਰੀ ਵਜੋਂ ਸਾਨੂੰ ਇਸ ਨਿਯਮ ਨੂੰ ਅਪਨਾਉਣਾ ਚਾਹੀਦਾ ਹੈ ਸਗੋਂ ਇਸ ਉੱਤੇ ਅਮਲ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਕਮਰਸ਼ੀਅਲ ਟਰੱਕ ਜਾਂ ਕਿਸੇ ਹੋਰ ਗੱਡੀ ਵਿੱਚ ਬਾਰਡਰ ਪਾਰ ਕਰਨ ਦਾ ਇੱਕੋ ਰਾਹ ਵੈਕਸੀਨੇਸ਼ਨ ਕਰਵਾਉਣਾ ਹੈ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ।