ਬੈਰੂਤ, 13 ਸਤੰਬਰ

ਅਮਰੀਕਾ ਉੱਤੇ 11 ਸਤੰਬਰ 2001 ਨੂੰ ਹੋਏ ਦਹਿਸ਼ਤੀ ਹਮਲੇ ਦੀ 20ਵੀਂ ਬਰਸੀ ਮੌਕੇ ਜਾਰੀ ਇਕ ਵੀਡੀਓ ਵਿੱਚ ਅਲ-ਕਾਇਦਾ ਮੁਖੀ ਆਇਮਨ ਅਲ-ਜ਼ਵਾਹਰੀ ਨਜ਼ਰ ਆਇਆ ਹੈ। ਹਾਲਾਂਕਿ ਕੁਝ ਮਹੀਨੇ ਪਹਿਲਾਂ ਅਜਿਹੀਆਂ ਅਫ਼ਵਾਹਾਂ ਸਨ ਕਿ ਉਹ ਮਰ ਚੁੱਕਾ ਹੈ। ਜਹਾਦੀ ਵੈੱਬਸਾਈਟਾਂ ’ਤੇ ਨਜ਼ਰ ਰੱਖਣ ਵਾਲੇ ਸਾਈਟ ਇੰਟੈਲੀਜੈਂਸ ਗਰੁੱਪ ਨੇ ਕਿਹਾ ਕਿ ਇਹ ਵੀਡੀਓ ਸ਼ਨਿੱਚਰਵਾਰ ਨੂੰ ਰਿਲੀਜ਼ ਕੀਤਾ ਗਿਆ ਸੀ। ਵੀਡੀਓ ਵਿੱਚ ਅਲ-ਜ਼ਵਾਹਰੀ ਨੇ ਕਿਹਾ, ‘‘ਯੋਰੋਸ਼ਲਮ ’ਤੇ ਯਹੂਦੀਆਂ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।’’ ਵੀਡੀਓ ਵਿੱਚ ਜਨਵਰੀ ’ਚ ਸੀਰੀਆ ਵਿੱਚ ਰੂਸੀ ਸਲਾਮਤੀ ਦਸਤਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਸਮੇਤ ਅਲਕਾਇਦਾ ਵੱਲੋਂ ਕੀਤੇ ਹੋਰਨਾਂ ਹਮਲਿਆਂ ਦੀ ਸ਼ਲਾਘਾ ਕੀਤੀ ਗਈ ਹੈ।

ਸਾਈਟ ਨੇ ਕਿਹਾ ਕਿ ਅਲ-ਜ਼ਵਾਹਰੀ ਨੇ ਅਮਰੀਕੀ ਫੌਜਾਂ ਦੀ ਅਫ਼ਗ਼ਾਨਿਸਤਾਨ ’ਚੋਂ 20 ਸਾਲਾਂ ਦੀ ਜੰਗ ਮਗਰੋਂ ਵਾਪਸੀ ਦਾ ਨੋਟਿਸ ਵੀ ਲਿਆ। ਸਾਈਟ ਨੇ ਹਾਲਾਂਕਿ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਜ਼ਵਾਹਰੀ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਇਹ ਜ਼ਰੂਰੀ ਨਹੀਂ ਕਿ ਇਹ ਵੀਡੀਓ ਸੱਜਰੀ ਰਿਕਾਰਡਿੰਗ ਹੈ ਕਿਉਂਕਿ ਅਫ਼ਗ਼ਾਨਿਸਤਾਨ ’ਚੋਂ ਅਮਰੀਕੀ ਫੌਜਾਂ ਨੂੰ ਬਾਹਰ ਕੱਢਣ ਬਾਰੇ ਤਾਲਿਬਾਨ ਨਾਲ ਸਮਝੌਤਾ ਫਰਵਰੀ 2020 ਵਿੱਚ ਸਹੀਬੰਦ ਹੋਇਆ ਸੀ। ਸਾਈਟ ਨੇ ਕਿਹਾ ਕਿ ਅਲ-ਜ਼ਵਾਹਰੀ ਨੇ ਆਪਣੀ ਤਕਰੀਰ ਵਿੱਚ ਤਾਲਿਬਾਨ ਵੱਲੋਂ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ਤੇ ਰਾਜਧਾਨੀ ਕਾਬੁਲ ’ਤੇ ਕਬਜ਼ੇ ਦਾ ਜ਼ਿਕਰ ਨਹੀਂ ਕੀਤਾ ਹੈ। ਅਲਕਾਇਦਾ ਮੁਖੀ ਨੇ ਹਾਲਾਂਕਿ ਇਸ ਸਾਲ ਪਹਿਲੀ ਜਨਵਰੀ ਨੂੰ ਉੱਤਰੀ ਸੀਰੀਆ ਦੇ ਸ਼ਹਿਰ ਰੱਕਾ ਵਿੱਚ ਰੂਸੀ ਸੁਰੱਖਿਆ ਬਲਾਂ ’ਤੇ ਕੀਤੇ ਹਮਲੇ ਦਾ ਜ਼ਿਕਰ ਜ਼ਰੂਰ ਕੀਤਾ। ਸਾਲ 2020 ਦੇ ਅਖੀਰ ਵਿੱਚ ਅਜਿਹੀਆਂ ਅਫ਼ਵਾਹਾਂ ਸਨ ਕਿ ਅਲ-ਜ਼ਵਾਹਰੀ ਦੀ ਬਿਮਾਰੀ ਕਰਕੇ ਮੌਤ ਹੋ ਗਈ ਹੈ। ਹਾਲਾਂਕਿ ਇਸ ਬਾਰੇ ਨਾ ਤਾਂ ਕੋਈ ਵੀਡੀਓ ਤੇ ਨਾ ਹੀ ਕੋਈ ਹੋਰ ਸਬੂਤ ਸਾਹਮਣੇ ਆਇਆ ਹੈ। ਸਾਈਟ ਦੀ ਡਾਇਰੈਕਟਰ ਰੀਟਾ ਕੈਟਜ਼ ਨੇ ਟਵੀਟ ਕੀਤਾ, ‘‘ਉਹ ਮਰ ਚੁੱਕਾ ਹੈ, ਇਹ ਸ਼ਾਇਦ ਜਨਵਰੀ 2021 ਜਾਂ ਉਸ ਤੋਂ ਬਾਅਦ ਦੀ ਗੱਲ ਹੋਵੇ।’’ ਅਲ-ਜ਼ਵਾਹਰੀ ਦੀ 61 ਮਿੰਟ 37 ਸਕਿੰਟ ਦੀ ਇਸ ਵੀਡੀਓ ਦਾ ਨਿਰਮਾਣ ਜਥੇਬੰਦੀ ਦੀ ਅਸ-ਸਾਹਾਬ ਮੀਡੀਆ ਫਾਊਂਡੇਸ਼ਨ ਨੇ ਕੀਤਾ ਹੈ।