ਅਚਾਨਕ ਫੈਲੀ ਲਾਗ ਦੀ ਬਿਮਾਰੀ ਕਾਰਨ ਲਗਾਏ ਕਰਫਿਊ ਵਿਚ ਭੁੱਖਣ ਭਾਣੇ, ਦਿਨ-ਰਾਤ ਨੰਗੇ ਪੈਰੀਂ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਤੈਅ ਕਰ ਆਪਣੇ ਪਿੱਤਰੀ ਰਾਜ ਦੀ ਜੱਦ ਵਿਚ ਬਹੁੜੇ ਮਜ਼ਦੂਰਾਂ ਦੇ ਜਥੇ ਨੇ ਜਿਉਂ ਹੀ ਆਪਣੀ ਜੰਮਣ ਭੋਂਇ ਨੂੰ ਚੁੰਮ ਕੇ ਸਿਜਦਾ ਕੀਤਾ ਤਾਂ ਉਨ੍ਹਾਂ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਛਲਕ ਪਈਆਂ। ਉਨ੍ਹਾਂ ਦੇ ਥੱਕੇ ਹਾਰੇ ਚਿਹਰਿਆਂ ’ਤੇ ਵੱਖਰਾ ਹੀ ਜਲੌਅ ਉੱਭਰ ਆਇਆ। ‘ਕਿਸੇ ਇਮਦਾਦ ਦੀ ਲੋੜ ਹੋਵੇ ਤਾਂ ਬੇਝਿਜਕ ਦੱਸੋ, ਮੈਂ ਤੁਹਾਡੀ ਆਵਾਜ਼ ਉੱਪਰ ਤਕ ਪਹੁੰਚਾਵਾਂਗਾ।’ ਮੌਕੇ ਦੀ ਸਰਕਾਰ ਦੇ ਫੱਫੇ ਕੁੱਟ ਵਜ਼ੀਰ ਨੇ ਟੀਰੀ ਅੱਖ ਨਾਲ ਮੀਡੀਆ ਦੇ ਕੈਮਰੇ ਵੱਲ ਝਾਕਦਿਆਂ ਸੁਲ੍ਹਾ ਜਿਹੀ ਮਾਰੀ। ‘ਬਸ ਜੀ, … ਹੁਣ ਸਾਨੂੰ ਕੁਝ ਨਹੀਂ ਚਾਹੀਦਾ, ਥੋੜ੍ਹੇ ਔਖੇ ਹੀ ਸਹੀ, ਪਰ ਰੱਬ ਦੀ ਮਿਹਰ ਸਦਕਾ ਅਸੀਂ ਸੁੱਖੀ-ਸਾਂਦੀ ਆਪਣੇ ਘਰ ਪਰਿਵਾਰ ਵਿਚ ਅੱਪੜ ਗਏ ਹਾਂ।’ ਸਿਆਣੀ ਉਮਰ ਦੇ ਮੋਢੀ ਮਜ਼ਦੂਰ ਨੇ ਹੱਥ ਜੋੜ ਉਸ ਕੋਲੋਂ ਪਾਸਾ ਵੱਟ ਲੰਘਦਿਆਂ ਆਖਿਆ। ‘ਨਹੀਂ, ਨਹੀਂ… ਫਿਰ ਵੀ ਕੋਈ ਨਾ ਕੋਈ ਮੰਗ ਤਾਂ ਹੋਵੇਗੀ ਹੀ?’ ਵਜ਼ੀਰ ਦਾ ਡਰਾਮਾ ਜਾਰੀ ਸੀ। ਪਰ ਮਜ਼ਦੂਰਾਂ ਨੇ ਉਸ ਵੱਲ ਦੇਖਿਆ ਤਕ ਨਹੀਂ। ਕੰਨ ਜਿਹੇ ਝਾੜਦਾ ਵਜ਼ੀਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਮਾਇਕ ਫੜੀ ਨਿਊਜ਼ ਚੈਨਲ ਦੀ ਤੇਜ਼ ਤਰਾਰ ਪੱਤਰਕਾਰ ਨੇ ਉਸ ਨੂੰ ਆ ਘੇਰਿਆ, ‘ਗੁਸਤਾਖੀ ਮੁਆਫ਼, ਜਨਾਬ ਕੀ ਤੁਹਾਡੇ ਦਿਲ ਵਿਚ ਸਚਮੁੱਚ ਹੀ ਇਨ੍ਹਾਂ ਬੇਵੱਸ ਮਜ਼ਦੂਰਾਂ ਲਈ ਕੁਝ ਕਰਨ ਦਾ ਜਜ਼ਬਾ ਹੈ?’

‘ਹਾਂ… ਹਾਂ … ਬਈ ਬਿਲਕੁਲ, ਪਰ ਮੋਹਤਰਮਾ ਇਹ ਕੁਝ ਦੱਸਣ ਤਾਂ ਸਹੀ।’ ਵਾਹੋ-ਵਾਹੀ ਖੱਟਣ ਦਾ ਮੁੜ ਮੌਕਾ ਤਾੜਦਿਆਂ ਵਜ਼ੀਰ ਕੈਮਰੇ ਸਾਹਮਣੇੇ ਹੁੰਦਾ ਹੁੱਬ ਕੇ ਬੋਲਿਆ। ‘ਇਹ ਵਿਚਾਰੇ, ਵਕਤ ਦੇ ਮਾਰੇ ਕੀ ਦੱਸਣਗੇ ? ਪਰ ਮੈਂ ਤੁਹਾਨੂੰ ਇਨ੍ਹਾਂ ਵੱਲੋਂ ਇਕ ਬੇਨਤੀ ਕਰਦੀ ਹਾਂ ਕਿ ਤੁਸੀਂ ਮਿਹਰਬਾਨੀ ਕਰਕੇ ਸਿਰਫ਼ ਐਨਾ ਕੁ ਪਤਾ ਕਰ ਦਿਓ ਕਿ ਭੁੱਖੇ ਢਿੱਡ, ਦਿਨ ਰਾਤ ਲਗਾਤਾਰ ਛਾਲਿਆਂ ਨਾਲ ਟਸ-ਟਸ ਕਰਦੇ ਨੰਗੇ ਪੈਰੀਂ ਤੁਰਨ ਦਾ ਜੇ ਕੋਈ ਵਿਸ਼ਵ ਰਿਕਾਰਡ ਬਣਿਆ ਹੈ ਤਾਂ ਖੌਰੇ ਕਿਧਰੇ ਜਾਣੇ- ਅਣਜਾਣੇ ਵਿਚ ਇਨ੍ਹਾਂ ਕੋਲੋਂ ਟੁੱਟ ਹੀ ਨਾ ਗਿਆ ਹੋਵੇ ਤੇ ਜੇ ਉਹ ਵਿਸ਼ਵ ਰਿਕਾਰਡ ਟੁੱਟ ਗਿਆ ਤਾਂ ਯਕੀਨਨ ਇਸ ਲਈ ਕੋਈ ਮਾਣ-ਤਾਣ ਤਾਂ ਜ਼ਰੂਰ ਰੱਖਿਆ ਹੋਵੇਗਾ। ਬਸ ਉਹ ਇਨ੍ਹਾਂ ਨੂੰ ਦਿਵਾ ਦਿਓ, ਨਾਲੇ ਤੁਹਾਡੇ ਪੱਲਿਓਂ ਲੱਗਣਾ ਵੀ ਕੁਝ ਨਹੀਂ।’ ਇਹ ਆਖ ਪੱਤਰਕਾਰ ਨੇ ਜਿਉਂ ਹੀ ਮਾਇਕ ਉਸ ਵੱਲ ਵਧਾਇਆ, ਵਜ਼ੀਰ ਨੇ ਝੁੰਜਲਾ ਕੇ ਪੈਰ ਪਟਕਿਆ ਤੇ ਬੁੜ-ਬੁੜ ਕਰਦਾ ਆਪਣੀ ਬੱਤੀ ਵਾਲੀ ਗੱਡੀ ਵੱਲ ਹੋ ਤੁਰਿਆ

– ਨੀਲ ਕਮਲ ਰਾਣਾ