ਨਵੀਂ ਦਿੱਲੀ:ਅਦਾਕਾਰਾ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਨਵੇਂ ਅੰਦਾਜ਼ ਵਿੱਚ ਰੈੱਡ ਕਾਰਪੈੱਟ ’ਤੇ ਪੁੱਜੀ। ਸਿਲਵਰ ਰੰਗ ਦੀ ਪੁਸ਼ਾਕ ਵਿੱਚ ਪੁੱਜੀ ਐਸ਼ਵਰਿਆ ਨੇ ਆਪਣਾ ਸਿਰ ਪੂਰਾ ਢਕਿਆ ਹੋਇਆ ਸੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਦੱਸਣਾ ਬਣਦਾ ਹੈ ਕਿ ਐਸ਼ਵਰਿਆ ਸਾਲ 2002 ਤੋਂ ਲਗਾਤਾਰ ਕਾਨ ਫਿਲਮ ਫੈਸਟੀਵਲ ਵਿਚ ਆ ਰਹੀ ਹੈ। ਉਸ ਨੇ ਬੀਤੇ ਦਿਨ ਹੌਲੀਵੁੱਡ ਦੇ ਦਿੱਗਜ਼ ਹੈਰੀਸਨ ਫੋਰਡ ਦੀ ਪੰਜਵੀਂ ‘ਇੰਡੀਆਨਾ ਜੋਨਜ਼’ ਫਿਲਮ ‘ਦਿ ਡਾਇਲ ਆਫ ਡੈਸਟਿਨੀ’ ਦੇ ਪ੍ਰੀਮੀਅਰ ਵਿੱਚ ਸ਼ਿਰਕਤ ਕੀਤੀ। ਸੋਸ਼ਲ ਮੀਡੀਆ ’ਤੇ 49 ਸਾਲਾ ਅਦਾਕਾਰਾ ਦੇ ਸਿਲਵਰ ਰੰਗ ਦੇ ਗਾਊਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਜੋ ਉਪਰੋਂ ਹੁੱਡੀ ਵਾਂਗ ਸੀ। ਇਸ ਤੋਂ ਬਾਅਦ ਐਸ਼ਵਰਿਆ ਨੇ ਫੋਟੋਗ੍ਰਾਫਰਾਂ ਲਈ ਪੋਜ਼ ਦਿੱਤੇ। ਲੇਬਲ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਅਨੁਸਾਰ ਇਹ ਪਹਿਰਾਵਾ ਕਾਨ ਕੈਪਸੂਲ ਕੁਲੈਕਸ਼ਨ ਦਾ ਹਿੱਸਾ ਹੈ। ਦੱਸਣਾ ਬਣਦਾ ਹੈ ਕਿ ਇਸ ਹਫਤੇ ਦੇ ਸ਼ਰੂ ਵਿਚ ਐਸ਼ਵਰਿਆ ਆਪਣੀ ਬੇਟੀ ਅਰਾਧਿਆ ਨਾਲ ਫਰਾਂਸ ਪੁੱਜੀ ਸੀ ਜਿਸ ਦੀ ਹਰੇ ਰੰਗ ਦੀ ਪੁਸ਼ਾਕ ਦੀ ਵੀ ਖੂਬ ਚਰਚਾ ਹੋਈ ਸੀ।