ਟੋਕੀਓ:
ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਲਕਸ਼ੈ ਸੇਨ ਨੇ ਅੱਜ ਦੂਜੇ ਗੇੜ ਦਾ ਮੁਕਾਬਲਾ ਜਿੱਤ ਕੇ ਬੀਡਬਲਯੂਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਪਰ ਪਿਛਲੀ ਵਾਰ ਦਾ ਉਪ ਜੇਤੂ ਕਿਦਾਂਬੀ ਸ੍ਰੀਕਾਂਤ ਵਿਸ਼ਵ ਦੇ 32ਵੇਂ ਦਰਜੇ ਦੇ ਖਿਡਾਰੀ ਜ਼ਾਓ ਜੁਨ ਪੇਂਗ ਤੋਂ ਸਿੱਧੀ ਗੇਮ ਵਿੱਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ। ਚੀਨੀ ਖਿਡਾਰੀ ਨੇ ਕਿਦਾਂਬੀ ਨੂੰ 34 ਮਿੰਟ ਚੱਲੇ ਮੁਕਾਬਲੇ ’ਚ 18-21, 17-21 ਨਾਲ ਹਰਾ ਦਿੱਤਾ। ਸੇਨ ਨੇ ਸਪੇਨ ਦੇ ਲੁਈਸ ਪੇਨਾਲਵਰ ਨੂੰ ਸਿੱਧੇ ਗੇਮ ਵਿੱਚ 21-17,21-10 ਨਾਲ ਹਰਾਇਆ। ਇਸੇ ਤਰ੍ਹਾਂ ਪੁਰਸ਼ ਡਬਲਜ਼ ਵਿੱਚ ਐੱਮ.ਆਰ ਅਰਜੁਨ ਅਤੇ ਧਰੁਵ ਕਪਿਲਾ ਨੇ ਡੈਨਮਾਰਕ ਦੀ ਜੋੜੀ ਨੂੰ 21-17, 21-16 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਪਰ ਮਹਿਲਾ ਡਬਲਜ਼ ਵਿੱਚ ਅਸ਼ਵਨੀ ਪੋਨੱਪਾ-ਐੱਨ ਸਿੱਕੀ ਰੈਡੀ ਤੇ ਰੂਜਾ ਡਾਂਡੂ-ਸੰਜਨਾ ਸੰਤੋਸ਼ ਆਪੋ-ਆਪਣੇ ਮੁਕਾਬਲੇ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ ਹਨ।