ਨਵੀਂ ਦਿੱਲੀ:ਦਿੱਲੀ ਹਾਈ ਕੋਰਟ ਨੇ ਅੱਜ ਤਿੰਨ ਕੌਮੀ ਚੈਂਪੀਅਨ ਮੁੱਕੇਬਾਜ਼ਾਂ ਮੰਜੂ ਰਾਣੀ, ਸਿਕਸ਼ਾ ਨਰਵਾਲ ਅਤੇ ਪੂਨਮ ਪੂਨੀਆ ਦੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਚੋਣ ਨਾ ਕੀਤੇ ਜਾਣ ਦੇ ਮਾਮਲੇ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਪ੍ਰਤਿਭਾ ਐੱਮ. ਸਿੰਘ ਨੇ ਕਿਹਾ ਕਿ ਖਿਡਾਰੀਆਂ ਦੇ ਤਗ਼ਮਿਆਂ ਦੀ ਗਿਣਤੀ ਅਤੇ ਮੁਲਾਂਕਣ ਸਰਟੀਫਿਕੇਟਾਂ ਨੂੰ ਦੇਖਣ ਮਗਰੋਂ ਇਸ ਚੈਂਪੀਅਨਸ਼ਿਪ ਲਈ ਚੁਣੇ ਗਏ ਮੁੱਕੇਬਾਜ਼ਾਂ ਦੀ ਸੂਚੀ ਵਿੱਚ ਦਖਲ ਦੇਣ ਦਾ ਕੋਈ ਮਾਮਲਾ ਨਹੀਂ ਬਣਦਾ ਅਤੇ ਪਟੀਸ਼ਨਰ ਚੈਂਪੀਅਨਸ਼ਿਪ ਲਈ ਰਾਖਵੇਂ ਖਿਡਾਰੀਆਂ ਦੀ ਸੂਚੀ ਵਿੱਚ ਬਰਕਰਾਰ ਰਹਿਣਗੇ। ਜਸਟਿਸ ਸਿੰਘ ਨੇ ਕਿਹਾ ‘‘ਚੁਣੀ ਗਈ ਟੀਮ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦੀ ਆਗਿਆ ਹੈ।’’ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਬੁੱਧਵਾਰ 15 ਮਾਰਚ ਤੋਂ ਨਵੀਂ ਦਿੱਲੀ ਵਿੱਚ ਹੋਣੀ ਹੈ।