ਲਖਨਊ, 5 ਅਗਸਤ

ਪੈਗਾਸਸ ਜਾਸੂਸੀ ਵਿਵਾਦ ਤੇ ਹੋਰਨਾਂ ਮੁੱਦਿਆਂ ’ਤੇ ਸੰਸਦੀ ਕਾਰਵਾਈ ’ਚ ਵਿਘਨ ਪਾਉਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਦੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਉਹ ਦੇਸ਼ ਨੂੰ ਅੱਗੇ ਵੱਧ ਤੋਂ ਨਹੀਂ ਰੋਕ ਸਕਦੀਆਂ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਸੰਸਦ ਦਾ ਕੰਮਕਾਰ ਨਹੀਂ ਚੱਲਣ ਦੇ ਰਹੀਆਂ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਰਵੱਈਏ ਨੂੰ ‘ਦੇਸ਼ ਵਿਰੋਧੀ’ ਕਰਾਰ ਦਿੱਤਾ। ਉਨ੍ਹਾਂ ਓਲੰਪਿਕ ਤਗਮਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਪਾਸੇ ਦੇਸ਼ ਦੇ ਖਿਡਾਰੀ ਗੋਲ ’ਤੇ ਗੋਲ ਕਰ ਰਹੇ ਹਨ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਆਪਣੇ ਸਿਆਸੀ ਏਜੰਡੇ ਖਾਤਰ ‘ਸੈਲਫ ਗੋਲ’ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਮਨਾਏ ਜਾ ਰਹੇ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਿਹਾੜੇ’ ਮੌਕੇ ਕੇਂਦਰ ਸਰਕਾਰ ਦੀ ਖੁਰਾਕ ਸੁਰੱਖਿਆ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀ ਕੀਤੀ।