ਓਟਵਾ, 21 ਦਸੰਬਰ: ਵਿਦੇਸ਼ ਮੰਤਰੀ ਮਿਲੇਨੀ ਜੋਲੀ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ। ਇਹ ਖੁਲਾਸਾ ਉਨ੍ਹਾਂ ਆਪ ਸੋਮਵਾਰ ਨੂੰ ਟਵਿੱਟਰ ਉੱਤੇ ਕੀਤਾ। ਉਨ੍ਹਾਂ ਦੱਸਿਆ ਕਿ ਰੈਪਿਡ ਟੈਸਟ ਕਰਨ ਉੱਤੇ ਉਹ ਪਾਜ਼ੀਟਿਵ ਪਾਈ ਗਈ।
ਟਵੀਟਸ ਦੀ ਸੀਰੀਂਜ਼ ਵਿੱਚ ਜੋਲੀ ਨੇ ਆਖਿਆ ਕਿ ਉਹ ਖੁਦ ਨੂੰ ਆਈਸੋਲੇਟ ਕਰ ਰਹੀ ਹੈ ਤੇ ਜਦੋਂ ਤੱਕ ਉਨ੍ਹਾਂ ਦੇ ਪੀਸੀਆਰ ਟੈਸਟ ਨਹੀਂ ਆ ਜਾਂਦੇ ਉਦੋਂ ਤੱਕ ਉਹ ਵਰਚੂਅਲੀ ਕੰਮ ਕਰਨਾ ਜਾਰੀ ਰੱਖੇਗੀ।
ਉਨ੍ਹਾਂ ਆਖਿਆ ਕਿ ਵੈਕਸੀਨਜ਼ ਜਿਹੜੀ ਪ੍ਰੋਟੈਕਸ਼ਨ ਸਾਨੂੰ ਦਿੰਦੀਆਂ ਹਨ ਉਸ ਦੀ ਉਹ ਸ਼ੁਕਰਗੁਜ਼ਾਰ ਹਨ ਤੇ ਉਹ ਹਰ ਕਿਸੇ ਨੂੰ ਇਹ ਵੈਕਸੀਨ ਲਵਾਉਣ ਦੀ ਸਲਾਹ ਦਿੰਦੀ ਹੈ।ਇਸ ਦੇ ਨਾਲ ਹੀ ਬੂਸਟਰ ਸ਼ੌਟ ਲਵਾਉਣ ਦੀ ਸਿਫਾਰਿਸ਼ ਵੀ ਕਰਦੀ ਹੈ। ਹਾਲੀਡੇਅ ਸੀਜ਼ਨ ਵਿੱਚ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਦਾ ਇਹ ਬਿਹਤਰੀਨ ਤਰੀਕਾ ਹੈ ਤੇ ਇਸ ਨਾਲ ਸਾਰਾ ਸਾਲ ਬਚਤ ਵੀ ਰਹੇਗੀ।
ਉਨ੍ਹਾਂ ਇਹ ਵੀ ਆਖਿਆ ਕਿ ਭਾਵੇਂ ਕੋਵਿਡ-19 ਦਾ ਟੈਸਟ ਕਰਵਾਉਂਦੇ ਰਹਿਣਾ ਵੀ ਜ਼ਰੂਰੀ ਹੈ ਪਰ ਸਿਰਫ ਟੈਸਟ ਕਰਵਾਉਣ ਨਾਲ ਤੁਸੀਂ ਵਾਇਰਸ ਦੇ ਸੰਪਰਕ ਵਿੱਚ ਆਉਣ ਤੇ ਇਹ ਵਾਇਰਸ ਫੈਲਾਉਣ ਤੋਂ ਬਚ ਨਹੀਂ ਸਕਦੇ।ਦੂਜਿਆਂ ਦੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰਨ ਤੇ ਪਬਲਿਕ ਹੈਲਥ ਗਾਈਡਲਾਈਨਜ਼ ਦੀ ਪਾਲਣਾ ਕਰਨ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ।