ਵੈਨਕੂਵਰ, ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਕਮੇਟੀ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਦਰਪੇਸ਼ ਖਾਣੇ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਨਈ ਉਨ੍ਹਾਂ ਨੂੰ ਲੰਗਰ ਉਥੇ ਬੈਠ ਕੇ ਛਕਣ ਦੇ ਨਾਲ ਪੈਕ ਕਰਕੇ ਘਰ ਲਿਜਾਣ ਦੀ ਸਹੂਲਤ ਵੀ ਦੇ ਦਿੱਤੀ ਹੈ। ਖਾਣਾ ਘਰ ਲਿਜਾਣ ਲਈ ਵਿਦਿਆਰਥੀਆਂ ਨੂੰ ਪੈਕਿੰਗ ਵੀ ਲੰਗਰ ਹਾਲ ’ਚੋਂ ਹੀ ਦਿੱਤੀ ਜਾਂਦੀ ਹੈ।
ਗੁਰਦੁਆਰਾ ਕਮੇਟੀ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਦੱਸਿਆ ਕਿ ਸਰੀ ’ਚ ਰਹਿੰਦੇ ਕੌਮਾਂਤਰੀ ਵਿਦਿਆਰਥੀਆਂ ਜਿਨ੍ਹਾਂ ’ਚੋਂ ਜ਼ਿਆਦਾਤਰ ਪੰਜਾਬ ਤੋਂ ਆਏ ਨੂੰ, ਕਾਲਜਾਂ ’ਚ ਪੜ੍ਹਾਈ ਅਤੇ ਕੰਮ ਦੀਆਂ ਸ਼ਿਫਟਾਂ ਕਾਰਨ ਘਰ ਜਾ ਕੇ ਖਾਣਾ ਬਣਾਉਣ ਦਾ ਸਮਾਂ ਨਹੀਂ ਮਿਲਦਾ। ਸ੍ਰੀ ਨਿੱਝਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਕੁਝ ਦਿਨ ਪਹਿਲਾਂ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਉਥੇ ਬੈਠ ਕੇ ਲੰਗਰ ਛਕਣ ਦੇ ਨਾਲ ਨਾਲ ਪੈੱਕ ਕਰਕੇ ਘਰ ਵੀ ਲਿਜਾਣ ਦਿੱਤਾ ਜਾਵੇ। ਉਨ੍ਹਾਂ ਨੂੰ ਜਦੋਂ ਪੁੱਛਿਆ ਕਿ ਪੈਕਿੰਗ ਦੀ ਰਵਾਇਤ ਨਾਲ ਪੰਗਤ ਦਾ ਸੰਕਲਪ ਤਾਂ ਅਸਰ ਅੰਦਾਜ਼ ਨਹੀਂ ਹੋਏਗਾ ਤਾਂ ਉਨ੍ਹਾਂ ਕਿਹਾ ਕਿ ਭੁੱਖੇ ਦਾ ਪੇਟ ਭਰਨਾ ਵੀ ਤਾਂ ਗੁਰੂ ਸਾਹਿਬ ਦਾ ਸੰਦੇਸ਼ ਹੈ। ਲੰਗਰ ਲਿਜਾ ਰਹੇ ਕਰਨਦੀਪ, ਰੋਹਿਤ, ਅਸ਼ੀਸ਼ ਤੇ ਮਨਦੀਪ ਨੇ ਕਿਹਾ ਕਿ ਹੁਣ ਉਹ ਖਾਣੇ ਪੱਖੋਂ ਬੇਫਿਕਰ ਹੋ ਕੇ ਪੜ੍ਹਾਈ ਜਾਂ ਵਧੇਰੇ ਕੰਮ ਕਰ ਸਕਣਗੇ।