ਮੰਬਈ:‘ਕੋਮਾਂਡੋ’ ਫਿਲਮਾਂ ਦੇ ਮਸ਼ਹੂਰ ਬੌਲੀਵੁੱਡ ਅਦਾਕਾਰ ਤੇ ਕਲਾਰੀਪਯੱਟੂ ਮਾਰਸ਼ਲ ਆਰਟ ਦੇ ਮਾਹਿਰ ਵਿਦਯੁਤ ਜਾਮਵਾਲ ਅਤੇ ਫੈਸ਼ਨ ਡਿਜ਼ਾਈਨਰ ਨੰਦਿਤਾ ਮਹਿਤਾਨੀ ਨੇ ਮੰਗਣੀ ਕਰ ਲਈ ਹੈ। ਹਾਲ ਹੀ ਵਿੱਚ ਤਾਜ ਮਹਿਲ ਘੁੰਮਣ ਗਏ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਵਿਰਾਟ ਕੋਹਲੀ ਦੀ ਸਟਾਈਲਿਸਟ ਨੰਦਿਤਾ ਦਾ ਇਸ ਤੋਂ ਪਹਿਲਾਂ ਦਿੱਲੀ ਦੇ ਇੱਕ ਸਨਅਤਕਾਰ ਸੰਜੈ ਕਪੂਰ ਨਾਲ ਵਿਆਹ ਹੋਇਆ ਸੀ। ਨੰਦਿਤਾ ਦੀ ਸਹੇਲੀ ਨੇਹਾ ਧੂਪੀਆ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਆਪਣੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ। ਨੇਹਾ ਨੇ ਦੋਵਾਂ ਦੀ ਤਾਜ ਮਹਿਲ ਅੱਗੇ ਹੱਥ ’ਚ ਹੱਥ ਫੜ ਕੇ ਖੜ੍ਹਿਆਂ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਨੰਦਿਤਾ ਦੀ ਉਂਗਲੀ ’ਚ ਅੰਗੂਠੀ ਪਾਈ ਹੋਈ ਹੈ। ਨੇਹਾ ਨੇ ਲਿਖਿਆ, ‘ਸਭ ਤੋਂ ਵਧੀਆ ਖਬਰ….ਮੁਬਾਰਕਬਾਦ…@ਮੀਵਿਦਯੁਤਜਾਮਵਾਲ @ਨੰਦਿਤਾਮਹਿਤਾਨੀ। ਜ਼ਿਕਰਯੋਗ ਹੈ ਕਿ 2020 ਵਿੱਚ ਆਈ ਐਕਸ਼ਨ ਥ੍ਰਿੱਲਰ ਫਿਲਮ ‘ਖੁਦਾ ਹਾਫ਼ਿਜ਼’ ਵਿੱਚ ਵਿਦਯੁਤ ਦੇ ਕੰਮ ਦੀ ਬਹੁਤ ਸ਼ਲਾਘਾ ਹੋਈ ਸੀ। ਨੰਦਿਤਾ ਵੀ ਡੀਨੋ ਮੋਰੀਆ ਨਾਲ ਰਲ ਕੇ ਇੱਕ ਸੋਸ਼ਲ ਨੈੱਟਵਰਕ ‘ਪਲੇਅ ਗਰਾਊਂਡ’ ਚਲਾ ਰਹੀ ਹੈ। ਲੰਮੇ ਸਮੇਂ ਤੋਂ ਦੋਵਾਂ ਦੀ ਦੋਸਤੀ ਬਾਰੇ ਖ਼ਬਰਾਂ ਛਪ ਰਹੀਆਂ ਸਨ, ਪਰ ਦੋਵਾਂ ਨੇ ਕਦੇ ਵੀ ਜਨਤਕ ਤੌਰ ’ਤੇ ਆਪਣੇ ਰਿਸ਼ਤੇ ਬਾਰੇ ਕੋਈ ਟਿੱਪਣੀ ਨਹੀਂ ਸੀ ਕੀਤੀ। ਹਾਲ ਦੀ ਘੜੀ ਵਿਦਯੁਤ ‘ਖ਼ੁਦਾ ਹਾਫ਼ਿਜ਼: ਚੈਪਟਰ-2’ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ।