ਮੁੰਬਈ:ਬੌਲੀਵੁਡ ਅਦਾਕਾਰਾ ਕ੍ਰਿਤੀ ਸੈਨਨ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਫਿਲਮ ‘ਭੇੜੀਆ’ ਦੇ ਸਹਿ-ਕਲਾਕਾਰ ਵਰੁਣ ਧਵਨ ਦੀ ਫੋਨ ’ਤੇ ਗੱਲ ਕਰਨ ਵੇਲੇ ਇਕ ਆਦਤ ਤੋਂ ਬਹੁਤ ਤੰਗ ਹੈ। ਉਸ ਦਾ ਕਹਿਣਾ ਹੈ ਕਿ ਵਰੁਣ ਜਦੋਂ ਵੀ ਫੋਨ ’ਤੇ ਗੱਲ ਸ਼ੁਰੂ ਕਰਦੇ ਵੇਲੇ ਜਾਂ ਸਮਾਪਤ ਕਰਨ ਵੇਲੇ ਕਦੇ ਵੀ ‘ਹੈਲੋ’ ਜਾਂ ‘ਬਾਇ’ ਨਹੀਂ ਕਹਿੰਦਾ ਹੈ। ਆਈਐੱਮਡੀਬੀ ਦੇ ‘ਇੱਕ ਦੂਜੇ ਨੂੰ ਕੁਝ ਵੀ ਪੁੱਛੋ’ ਵਿੱਚ ਵਰੁਣ ਅਤੇ ਕ੍ਰਿਤੀ ਨੇ ਇੱਕ ਦੂਜੇ ਦੇ ਸ਼ੌਕ ਅਤੇ ਕਿਵੇਂ ਫਿਲਮ ‘ਦਿਲਵਾਲੇ’ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਵਧੀ, ਬਾਰੇ ਵੀ ਦੱਸਿਆ। ਕ੍ਰਿਤੀ ਨੇ ਕਿਹਾ, ‘ਕੋਈ ਚੀਜ਼ ਜੋ ਮੈਨੂੰ ਥੋੜ੍ਹਾ ਪ੍ਰੇਸ਼ਾਨ ਕਰਦੀ ਹੈ, ਉਹ ਹੈ ਜਦੋਂ ਵਰੁਣ ਫ਼ੋਨ ’ਤੇ ਗੱਲ ਸ਼ੁਰੂ ਕਰਦਿਆਂ ਕੋਈ ਹਾਇ, ਹੈਲੋ, ਨਹੀਂ ਕਹਿੰਦਾ ਹੈ ਅਤੇ ਨਾ ਹੀ ਫੋਨ ਰੱਖਣ ਵੇਲੇ ਬਾਇ ਕਹਿੰਦਾ ਹੈ।’’ ਜਦੋਂ ਵਰੁਣ ਨੇ ਕ੍ਰਿਤੀ ਦੇ ਉਸ ਬਾਰੇ ਪਹਿਲੇ ਪ੍ਰਭਾਵ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘‘ਤੁਸੀਂ ਥੋੜ੍ਹੇ ਜਿਹੇ ਫਲਰਟ ਹੋ ਪਰ ਸੱਚੀ ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਊਰਜਾਵਾਨ ਹੋ, ਬਹੁਤ ਬੋਲਣ ਵਾਲੇ, ਮਿੱਠ ਬੋਲੜੇ ਪਰ ਹਰ ਨਾਲ ਫਲਰਟ ਕਰਨ ਵਾਲੇ ਵੀ।’’ ਵਰੁਣ ਨੇ ਕ੍ਰਿਤੀ ਬਾਰੇ ਆਪਣੀ ਮਨਪਸੰਦ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਕ੍ਰਿਤੀ ਬਹੁਤ ਸਾਫ ਦਿਲ ਦੀ ਹੈ ਤੇ ਉਸ ਦੇ ਮਨ ਵਿੱਚ ਕੋਈ ਹੇਰ-ਫੇਰ ਨਹੀਂ ਹੈ ਅਤੇ ਉਹ ਦੋਗਲੇ ਕਿਰਦਾਰ ਦੀ ਬਿਲਕੁਲ ਨਹੀਂ ਹੈ। ਕ੍ਰਿਤੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਫਿਲਮ ‘ਦਿਲਵਾਲੇ’ ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਉਨ੍ਹਾਂ ਵਿਚਾਲੇ ਦੋਸਤੀ ਨਹੀਂ ਸੀ ਪਰ ਜਦੋਂ ਸ਼ੂਟਿੰਗ ਮੁਕੰਮਲ ਹੋਈ ਤਾਂ ਉਹ ਬਹੁਤ ਚੰਗੇ ਦੋਸਤ ਬਣ ਚੁੱਕੇ ਸਨ।