ਜ਼ਿਊਰਿਖ, 18 ਜਨਵਰੀ

ਬਾਇਰਨ ਮਿਊਨਿਖ ਦੇ ਫਾਰਵਰਡ ਰਾਬਰਟ ਲੇਵਾਂਦੋਵਸਕੀ ਨੇ ਲਿਓਨੇਲ ਮੈਸੀ ਅਤੇ ਮੁਹੰਮਦ ਸਾਲਾਹ ਵਰਗੇ ਸਿਤਾਰਿਆਂ ਨੂੰ ਪਛਾੜਦੇ ਹੋਏ ਇਕ ਵਾਰ ਫਿਰ ਵਿਸ਼ਵ ਦਾ ਸਰਵੋਤਮ ਪੁਰਸ਼ ਫੁੱਟਬਾਲਰ ਚੁਣਿਆ ਗਿਆ। ਪਿਛਲੇ ਮਹੀਨੇ ਮੈਸੀ ਨੇ ਉਸ ਨੂੰ ਪਛਾੜ ਕੇ ਬਲੋਨ ਡੀ ਓਰ ਐਵਾਰਡ ਜਿੱਤਿਆ ਸੀ। ਫੀਫਾ ਦੇ ਸਰਵੋਤਮ ਫੁਟਬਾਲਰ ਦੀ ਦੌੜ ਵਿੱਚ ਅਰਜਨਟੀਨਾ ਨੂੰ 2021 ਕੋਪਾ ਅਮਰੀਕਾ ਖਿਤਾਬ ਜਿਤਾਉਣ ਵਾਲੇ ਮੈਸੀ ਦੂਜੇ ਅਤੇ ਲਿਵਰਪੂਲ ਦੇ ਸਾਲਾਹ ਤੀਜੇ ਸਥਾਨ ’ਤੇ ਰਹੇ। ਲੇਵਾਂਦੋਵਸਕੀ ਨੇ ਮਿਊਨਿਖ ਤੋਂ ਵੀਡੀਓ ਲਿੰਕ ਰਾਹੀਂ ਕਿਹਾ, ‘ਮੈਨੂੰ ਇਹ ਐਵਾਰਡ ਜਿੱਤਣ ‘ਤੇ ਮਾਣ ਹੈ।’ ਕਲੱਬ ਦੇ ਅਧਿਕਾਰੀਆਂ ਨੇ ਉਸ ਨੂੰ ਆਨਲਾਈਨ ਟਰਾਫੀ ਦਿੱਤੀ। ਲੇਵਾਂਦੋਵਸਕੀ 200 ਤੋਂ ਵੱਧ ਦੇਸ਼ਾਂ ਦੇ ਰਾਸ਼ਟਰੀ ਟੀਮ ਦੇ ਕਪਤਾਨਾਂ ਅਤੇ ਕੋਚਾਂ ਦੇ ਨਾਲ ਚੋਣਵੇਂ ਮੀਡੀਆ ਦੀ ਪਹਿਲੀ ਪਸੰਦ ਸੀ।