ਓਟਵਾ, 7 ਨਵੰਬਰ : ਪਿਛਲੇ ਮਹੀਨੇ ਹੋਈਆਂ ਚੋਣਾਂ ਤੋਂ ਬਾਅਦ ਕੈਨੇਡੀਅਨਾਂ ਵੱਲੋਂ ਬਹੁਮਤ ਨਾ ਦਿੱਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਮੁੜ ਚੁਣੇ ਗਏ, ਨਵੇਂ ਚੁਣੇ ਗਏ ਤੇ ਇੱਥੋਂ ਤੱਕ ਕਿ ਹਾਰੇ ਹੋਏ ਲਿਬਰਲ ਐਮਪੀਜ਼ ਅੱਜ ਪਾਰਲੀਆਮੈਂਟ ਹਿੱਲ ਉੱਤੇ ਇੱਕਠੇ ਹੋਣਗੇ।
ਦੋ ਘੰਟੇ ਚੱਲਣ ਵਾਲੀ ਇਹ ਕਾਕਸ ਮੀਟਿੰਗ ਰਸਮੀ ਨਹੀਂ ਹੋਵੇਗੀ। ਇਹ ਮੀਟਿੰਗ ਸਿਰਫ ਜੇਤੂਆਂ ਨੂੰ ਮੁਬਾਰਕਬਾਦ ਦੇਣ ਤੇ ਹਾਰੇ ਹੋਏ ਲਿਬਰਲਾਂ ਨਾਲ ਅਫਸੋਸ ਕਰਨ ਲਈ ਰੱਖੀ ਗਈ ਹੈ। ਸੱਤਾ ਉੱਤੇ ਟਰੂਡੋ ਦੀ ਪਕੜ ਪਹਿਲਾਂ ਨਾਲੋਂ ਕਮਜੋ਼ਰ ਪੈ ਗਈ ਹੈ। ਲਿਬਰਲਾਂ ਵੱਲੋਂ 157 ਸੀਟਾਂ ਉੱਤੇ ਹੀ ਜਿੱਤ ਹਾਸਲ ਕੀਤੀ ਗਈ ਹੈ ਤੇ ਉਹ 13 ਸੀਟਾਂ ਤੋਂ ਬਹੁਮਤ ਹਾਸਲ ਕਰਨ ਤੋਂ ਵਾਂਝੇ ਰਹਿ ਗਏ। ਅਲਬਰਟਾ ਤੇ ਸਸਕੈਚਵਨ ਵਿੱਚ ਤਾਂ ਲਿਬਰਲ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ।
ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੋਂ ਉਲਟ ਟਰੂਡੋ ਨੂੰ ਆਪਣੀ ਲੀਡਰਸਿ਼ਪ ਲਈ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਪਰ ਮੁੜ ਚੁਣੇ ਗਏ ਲਿਬਰਲ ਐਮਪੀਜ਼ ਇਹ ਜ਼ਰੂਰ ਚਾਹੁਣਗੇ ਕਿ ਟਰੂਡੋ ਆਪਣੇ ਮੰਤਰੀ ਮੰਡਲ ਵਿੱਚ ਕੁੱਝ ਤਬਦੀਲੀਆਂ ਕਰਨ।