ਮੁੰਬਈ:ਬੌਲੀਵੁੱਡ ਅਦਾਕਾਰ ਆਮਿਰ ਖਾਨ ਨੇ ਆਖਿਆ ਕਿ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਫ਼ਿਲਮਾਂਕਣ ਮਗਰੋਂ ਹੋਈ ਦੇਰੀ ਫ਼ਿਲਮ ਲਈ ਫਾਇੰਦੇਮੰਦ ਰਹੀ ਅਤੇ ਜੇਕਰ ਅਜਿਹਾ ਨਾ ਹੁੰਦਾ ਤਾਂ ਫ਼ਿਲਮ ਦੀ ਰਿਲੀਜ਼ ਹੋਣ ਦੀ ਤਰੀਕ ਇਸ ਸਾਲ ਦੇ ਸ਼ੁਰੂ ਵਿੱਚ ਆਈ ਫ਼ਿਲਮ ‘ਕੇਜੀਐੱਫ: ਚੈਪਟਰ 2’ ਨਾਲ ਭਿੜ ਜਾਣੀ ਸੀ, ਜਿਸ ਕਾਰਨ ਫ਼ਿਲਮ ਨੂੰ ਬੌਕਸ ਆਫਿਸ ’ਤੇ ਨੁਕਸਾਨ ਹੋਣਾ ਸੀ। ਹੈਦਰਾਬਾਦ ਵਿੱਚ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਵਿਸ਼ੇਸ਼ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਆਮਿਰ ਖਾਨ ਨੇ ਖ਼ੁਲਾਸਾ ਕੀਤਾ ਕਿ ਰਿਲੀਜ਼ ਤਰੀਕਾਂ ਦਾ ਟਕਰਾਅ ਟਲਣ ਕਾਰਨ ਉਸ ਦੀ ਫ਼ਿਲਮ ਦਾ ਬਚਾਅ ਹੋ ਗਿਆ। ਉਸ ਨੇ ਕਿਹਾ,‘‘ਮੈਨੂੰ ਯਾਦ ਹੈ ਜਦੋਂ ‘ਕੇਜੀਐੱਫ 2’ ਰਿਲੀਜ਼ ਹੋਣ ਵਾਲੀ ਸੀ ਤਾਂ ਇਸ ਸਬੰਧੀ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਸੀ। ਹੋਰ ਤਾਂ ਹੋਰ ਮੇਰੇ ਆਪਣੇ ਦੋਸਤ ਇਸ ਫ਼ਿਲਮ ਲਈ ਕਾਫੀ ਉਤਾਵਲੇ ਸਨ। ਉਧਰ, ‘ਲਾਲ ਸਿੰਘ ਚੱਢਾ’ ਵੀ ਉਸੇ ਦਿਨ ਰਿਲੀਜ਼ ਹੋਣੀ ਸੀ ਪਰ ਕਿਸਮਤ ਨਾਲ ਰੈੱਡ ਚਿਲੀਜ਼ ਨੇ ਵੀਐੱਫਐਕਸ ’ਤੇ ਕੁਝ ਸਮਾਂ ਜ਼ਿਆਦਾ ਲਾ ਦਿੱਤਾ ਜਿਸ ਨੇ ਸਾਨੂੰ ਬਚਾਅ ਲਿਆ। ਜੇਕਰ ਅਜਿਹਾ ਨਾ ਹੁੰਦਾ ਤਾਂ ਸਾਡੀ ਫਿਲਮ ਤੇ ਕੇਜੀਐੱਫ ਦੀਆਂ ਰਿਲੀਜ਼ ਹੋਣ ਦੀਆਂ ਤਰੀਕਾਂ ਭਿੜ ਜਾਣੀਆਂ ਸਨ।’’ ਫ਼ਿਲਮ ਲਾਲ ਸਿੰਘ ਚੱਢਾ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਇਸ ਵਿੱਚ ਕਰੀਨਾ ਕਪੂਰ ਵੀ ਨਜ਼ਰ ਆਵੇਗੀ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਹੁਣ ਇਸ ਫ਼ਿਲਮ ਦੀ ਤਰੀਕ ਅਕਸ਼ੈ ਕੁਮਾਰ ਦੀ ‘ਰਕਸ਼ਾ ਬੰਦਨ’ ਨਾਲ ਭਿੜੇਗੀ।