ਮੁੰਬਈ:ਕਰੋਨਾ ਨਾਲ ਜੂਝ ਰਹੀ ਉੱਘੀ ਗਾਇਕਾ ਲਤਾ ਮੰਗੇਸ਼ਕਰ ਦੀ ਹਾਲਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ ਪਰ ਫ਼ਿਲਹਾਲ ਡਾਕਟਰਾਂ ਨੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਹੋਇਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ 92 ਸਾਲਾ ਗਾਇਕਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਮਗਰੋਂ ਉਨ੍ਹਾਂ ਨੂੰ ਬੀਤੇ ਸ਼ਨਿਚਰਵਾਰ ਬ੍ਰੀਚ ਕੈਂਡੀ ਹਾਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। 

ਲਤਾ ਦੀ ਭਾਣਜੀ ਰਚਨਾ ਸ਼ਾਹ ਨੇ ਦੱਸਿਆ, ‘ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਅਸੀਂ ਇਸ ਖਬਰ ਤੋਂ ਬਹੁਤ ਖੁਸ਼ ਹਾਂ। ਉਨ੍ਹਾਂ ਦੀ ਸਿਹਤਯਾਬੀ ਲਈ ਸਾਰਿਆਂ ਵੱਲੋਂ ਕੀਤੀਆਂ ਦੁਆਵਾਂ ਕੰਮ ਆਈਆਂ ਹਨ।’ 

92 ਸਾਲਾ ਗਾਇਕਾ ਨੇ 1942 ਵਿੱਚ 13 ਵਰ੍ਹਿਆਂ ਦੀ ਉਮਰ ’ਚ ਸੰਗੀਤ ਜਗਤ ਵਿੱਚ ਪੈਰ ਧਰਿਆ ਸੀ। ਹੁਣ ਤੱਕ ਲਤਾ ਮੰਗੇਸ਼ਕਰ ਕਈ ਭਾਰਤੀ ਭਾਸ਼ਾਵਾਂ ਵਿੱਚ ਲਗਪਗ 30 ਹਜ਼ਾਰ ਤੋਂ ਵੀ ਵੱਧ ਗੀਤ ਗਾ ਚੁੱਕੀ ਹੈ। ਆਪਣੇ ਸੱਤ ਦਹਾਕਿਆਂ ਦੇ ਸਫ਼ਰ ਵਿੱਚ ਲਤਾ ਨੇ ਹੁਣ ਤੱਕ ਕਈ ਸਦਾਬਹਾਰ ਗੀਤ ਗਾਏ ਹਨ, ਜਿਨ੍ਹਾਂ ਵਿੱਚ ‘ਅਜੀਬ ਦਾਸਤਾਂ ਹੈ ਯੇ’, ‘ਪਿਆਰ ਕੀਆ ਤੋ ਡਰਨਾ ਕਿਆ’, ‘ਨੀਲਾ ਆਸਮਾਂ ਸੋ ਗਿਆ’ ਅਤੇ ‘ਤੇਰੇ ਲੀਏ’ ਵਰਗੇ ਗਈ ਨਗਮੇ ਸ਼ਾਮਲ ਹਨ। ਭਾਰਤ ਦੀ ਕੋਇਲ ਦੇ ਨਾਮ ਨਾਲ ਜਾਣੀ ਜਾਂਦੀ ਲਤਾ ਮੰਗੇਸ਼ਕਰ ਹੁਣ ਤੱਕ ਕਈ ਵੱਡੇ ਐਵਾਰਡ ਹਾਸਲ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਐਵਾਰਡ ਅਤੇ ਵੱਡੀ ਗਿਣਤੀ ਨੈਸ਼ਨਲ ਫ਼ਿਲਮ  ਐਵਾਰਡ ਸ਼ਾਮਲ ਹਨ। ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਨਿਵਾਜਿਆ ਗਿਆ ਹੈ।