ਰੂਪਨਗਰ, 4 ਜਨਵਰੀ

ਗਰਾਮ ਪੰਚਾਇਤ ਆਲਮਪੁਰ ਤੇ ਸਪੋਰਟਸ ਕਲੱਬ ਆਲਮਪੁਰ ਵੱਲੋਂ ਪਹਿਲਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਦੇ ਸਰਪੰਚ ਮਨਮੋਹਣ ਸਿੰਘ ਅਤੇ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ 28 ਟੀਮਾਂ ਨੇ ਹਿੱਸਾ ਲਿਆ ਤੇ ਫਾਈਨਲ ਮੁਕਾਬਲੇ ਦੌਰਾਨ ਰੂਪਨਗਰ ਦੀ ਟੀਮ ਨੇ ਮੇਜ਼ਬਾਨ ਆਲਮਪੁਰ ਦੀ ਟੀਮ ਨੂੰ ਹਰਾ ਕੇ ਜੇਤੂ ਟਰਾਫੀ ’ਤੇ ਕਬਜ਼ਾ ਕੀਤਾ। ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪ੍ਰਧਾਨ ਯੂਥ ਕਾਂਗਰਸ ਪੰਜਾਬ ਤੇ ਹਲਕਾ ਇੰਚਾਰਜ ਰੂਪਨਗਰ ਬਰਿੰਦਰ ਸਿੰਘ ਢਿੱਲੋਂ ਦੇ ਹੱਥੋਂ ਕਰਵਾਈ ਗਈ। ਟੂਰਨਾਮੈਂਟ ਦੌਰਾਨ ਇਲਾਕੇ ਦੇ ਲਗਪਗ ਢਾਈ ਦਰਜਨ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕੌਮਾਂਤਰੀ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ, ‘ਆਪ’ ਉਮੀਦਵਾਰ ਦਿਨੇਸ਼ ਚੱਡਾ, ਅਮਰਜੀਤ ਸਿੰਘ ਸੈਣੀ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਤੇ ਚਰਨਜੀਤ ਸਿੰਘ ਮਿਆਣੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ।