ਮੁੰਬਈ:ਬੌਲੀਵੁੱਡ ਅਦਾਕਾਰ ਜੋੜੀ ਰਿਤੇਸ਼ ਦੇਸ਼ਮੁਖ ਤੇ ਜੈਨੇਲੀਆ ਡਿਸੂਜ਼ਾ ਦੇਸ਼ਮੁਖ ਦੀ ਫਿਲਮ ‘ਮਿਸਟਰ ਮੰਮੀ’ ਵੱਡੇ ਪਰਦੇ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਇਹ ਫਿਲਮ 18 ਨਵੰਬਰ ਨੂੰ ਰਿਲੀਜ਼ ਹੋਵੇਗੀ। ਕਾਮੇਡੀ ਤੇ ਡਰਾਮਾ ਫਿਲਮ ਨੂੰ ‘ਬੰਟੀ ਔਰ ਬਬਲੀ’ ਨਾਲ ਪ੍ਰਸਿੱਧ ਹੋਏ ਫਿਲਮਸਾਜ਼ ਸ਼ਾਦ ਅਲੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਭੂਸ਼ਨ ਕੁਮਾਰ ਦੀ ਟੀ-ਸੀਰੀਜ਼ ਕੰਪਨੀ, ਕ੍ਰਿਸ਼ਨਾ ਕੁਮਾਰ, ਅਲੀ ਤੇ ਸ਼ਿਵਾ ਅਨੰਤ ਵੱਲੋਂ ਇਸ ਦਾ ਨਿਰਮਾਣ ਕੀਤਾ ਗਿਆ ਹੈ। ਟੀ-ਸੀਰੀਜ਼ ਵੱਲੋਂ ਰਿਲੀਜ਼ ਫਿਲਮ ਦੇ ਟਰੇਲਰ ਨੂੰ ਨਿਰਮਾਤਾਵਾਂ ਨੇ ਆਪਣੇ ਟਵਿੱਟਰ ਹੈਂਡਲ ’ਤੇ ਸਾਂਝਾ ਕਰਦਿਆਂ ਕਿਹਾ, ‘‘ਤੁਹਾਡੇ ਸਫ਼ਰ ਵਿੱਚ ਇਕ ਚੰਗੀ ਖ਼ਬਰ ਆ ਰਹੀ ਹੈ, ਜੋ ਤੁਹਾਨੂੰ ਉਤਰਾਅ-ਚੜ੍ਹਾਅ ਵਾਲੀ ਸਵਾਰੀ ਦਾ ਆਨੰਦ ਦੇਵੇਗੀ। ਮਿਸਟਰ ਮੰਮੀ 18 ਨਵੰਬਰ 2022 ਨੂੰ ਰਿਲੀਜ਼ ਹੋਵੇਗੀ।’’ ‘ਮਿਸਟਰ ਮੰਮੀ’ ਦੀ ਕਹਾਣੀ ਇਕ ਜੋੜੀ ਦੁਆਲੇ ਘੁੰਮਦੀ ਹੈ, ਜਿਸ ਦੇ ਰੂਪ ਵਿੱਚ ਦੇਸ਼ਮੁਖ ਤੇ ਡਿਸੂਜ਼ਾ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ‘ਮਿਸਟਰ ਮੰਮੀ’ ਤੋਂ ਇਲਾਵਾ ਦੇਸ਼ਮੁਖ ਤੇ ਡਿਸੂਜ਼ਾ ਆਉਣ ਵਾਲੀ ਮਰਾਠੀ ਫਿਲਮ ‘ਵੇਦ’ ਵਿੱਚ ਵੀ ਦਿਖਾਈ ਦੇਣਗੇ।