ਪਟਿਆਲਾ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਰਾਜਮਾਤਾ ਮਹਿੰਦਰ ਕੌਰ ਦੇ ਦੇਹਾਂਤ ‘ਤੇ ਅਫਸੋਸ ਜ਼ਾਹਰ ਕਰਦਿਆਂ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੋਰਾਰਜੀ ਦੇਸਾਈ ਨਾਲ 1977 ਵਿੱਚ ਪਟਿਆਲਾ ਫੇਰੀ ਦੌਰਾਨ ਮੋਤੀ ਬਾਗ ਪੈਲੇਸ ਵਿੱਚ ਪਰਿਵਾਰ ਨਾਲ ਕੀਤੀ ਠਹਿਰ ਦੇ ਸਮੇਂ ਨੂੰ ਚੇਤੇ ਕਰਦਿਆਂ ਰਾਸ਼ਟਰਪਤੀ ਨੇ ਰਾਜਮਾਤਾ ਵੱਲੋਂ ਕੀਤੀ ਗਈ ਮਹਿਮਾਨ-ਨਿਵਾਜ਼ੀ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਮਰਹੂਮ ਇੰਦਰਾ ਗਾਂਧੀ ਨਾਲ ਨੇੜਤਾ ਦੇ ਬਾਵਜੂਦ ਰਾਜਮਾਤਾ ਨੇ ਐਮਰਜੈਂਸੀ ਉਪਰੰਤ  ਕਾਂਗਰਸ ਦੇ ਦੋਫਾੜ ਹੋਣ ‘ਤੇ ਮੋਰਾਰਜੀ ਦੇਸਾਈ ਦੀ ਅਗਵਾਈ ਵਿੱਚ ਖੜ੍ਹਨ ਦਾ ਫੈਸਲਾ ਲਿਆ ਸੀ, ਜਿਸ ਦੌਰਾਨ ਸ੍ਰੀ ਕੋਵਿੰਦ,  ਮੋਰਾਰਜੀ ਦੇਸਾਈ ਨਾਲ ਮੋਤੀ ਬਾਗ ਪੈਲੇਸ ਆਏ ਸਨ।
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਮੁੱਖ ਮੰਤਰੀ ਅਤੇ ਪਰਿਵਾਰਕ ਮੈਂਬਰਾਂ ਨਾਲ ਰਾਜਮਾਤਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਰਾਸ਼ਟਰਪਤੀ ਵੱਲੋਂ ਦੁੱਖ ਦਾ ਇਜ਼ਹਾਰ ਕਰਨ ਲਈ ਧੰਨਵਾਦ ਕੀਤਾ, ਉਥੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਨਾ ਹੋ ਸਕਣ ‘ਤੇ ਅਫਸੋਸ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਰਾਸ਼ਟਰਪਤੀ ਚੁਣੇ ਜਾਣ ਦੀ ਵਧਾਈ ਵੀ ਦਿੱਤੀ| ਇਸੇ ਦੌਰਾਨ ਕਈ ਨੇਤਾਵਾਂ ਨੇ ਅੱਜ ਮੋਤੀ ਮਹਿਲ ‘ਚ ਆ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਇਨ੍ਹਾਂ ਵਿੱਚ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਉਨ੍ਹਾਂ ਦੇ ਪੁੱਤਰ ਇੰਸਪੈਕਟਰ ਹਰਦੀਪ ਸਿੰਘ ਬਡੂੰਗਰ, ਅਕਾਲੀ ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਬ੍ਰਹਮਪੁਰਾ, ਕਰਨੈਲ ਸਿੰੰਘ ਪੰਜੋਲੀ, ਹਰਵਿੰਦਰ ਹਰਪਾਲਪੁਰ, ਹਰਿੰਦਰਪਾਲ ਚੰਦੂਮਾਜਰਾ, ਇੰਦਰਮੋਹਣ ਬਜਾਜ, ਜਗਜੀਤ ਸਿੰਘ ਕੋਹਲੀ ਤੇ ਮਾਸਟਰ ਹਰਪ੍ਰੀਤ ਨੀਲੋਵਾਲ ਆਦਿ ਸ਼ਾਮਲ ਹਨ। ਇਸੇ ਤਰਾਂ ਕਾਂਗਰਸ ਦੇ ਸੂਬਾ ਪ੍ਰਧਾਨ ਐਚ.ਐਸ ਹੰਸਪਾਲ, ਵਿਧਾਇਕ ਹਰਦਿਆਲ ਕੰਬੋਜ, ਸੁਰਜੀਤ ਧੀਮਾਨ ਤੇ ਮਦਨ ਲਾਲ ਜਲਾਲਪੁਰ, ਸਥਾਨਕ ਪ੍ਰਧਾਨ ਪੀ.ਕੇ ਪੁਰੀ, ਐਸ.ਐਸ.ਵਾਲੀਆ, ਮੋਹਣੀ ਜੱਸਵਾਲ਼, ਕਿਸਾਨ ਨੇਤਾ ਭੁਪਿੰਦਰ ਸਿੰਘ ਮਾਨ, ਸ਼ਰਨਜੀਤ ਜੋਗੀਪੁਰ, ਹਰਜੀਤ ਸ਼ੇਰੂ, ਗੁਰਬੰਸ ਸਿੰਘ ਪੂਨੀਆ, ਰਾਜਾ ਬੀਰਕਲਾਂ ਆਦਿ ਵੀ  ਮਹਿਲ ਵਿੱਚ ਪੁੱਜੇ  ਹੋਏ ਸਨ। ਉਂਜ ਸਾਰਿਆਂ ਨੇ ਸ੍ਰੀਮਤੀ ਪ੍ਰਨੀਤ ਕੌਰ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਦੀ  ਮੁਲਾਕਾਤ ਕਿਸੇ ਨਾਲ ਨਾ  ਹੋ ਸਕੀ।
ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ, ਤੇਜਿੰਦਰ ਸਿੰਘ ਪਨੂੰ, ਹਰਬੰਸ ਸਿੰਘ ਕੰਧੋਲਾ ਤੇ ਅੰਕੁਰ ਅਗਰਵਾਲ ਵੀ ਇੱਥੇ ਸ੍ਰੀਮਤੀ ਪ੍ਰਨੀਤ ਕੌਰ ਨੂੰ ਮਿਲੇ।