ਲੰਡਨ:ਭਾਰਤ ਦੀ ਭਵਾਨੀ ਦੇਵੀ ਨੇ ਇੱਥੇ ਚੱਲ ਰਹੀ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਕੇ ਆਪਣਾ ਖ਼ਿਤਾਬ ਬਚਾ ਲਿਆ। ਵਿਸ਼ਵ ’ਚ 42ਵਾਂ ਦਰਜਾ ਪ੍ਰਾਪਤ ਭਾਰਤੀ ਤਲਵਾਰਬਾਜ਼ ਨੇ ਮੰਗਲਵਾਰ ਨੂੰ ਸੀਨੀਅਰ ਮਹਿਲਾ ਸਾਬਰੇ ਵਿਅਕਤੀਗਤ ਵਰਗ ਦੇ ਫਾਈਨਲ ਵਿੱਚ ਆਸਟਰੇਲੀਆ ਦੀ ਵਿਰੋਨਿਕਾ ਵਾਸੀਲੇਵਾ ਨੂੰ 15-10 ਨਾਲ ਹਰਾਇਆ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣਨ ਤੋਂ ਬਾਅਦ ਭਵਾਨੀ ਨੇ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕੀਤਾ ਹੈ। ਸੋਨ ਤਗਮਾ ਜਿੱਤਣ ਮਗਰੋਂ ਭਵਾਨੀ ਨੇ ਕਿਹਾ, ‘‘’ਫਾਈਨਲ ਬਹੁਤ ਮੁਸ਼ਕਿਲ ਸੀ। ਮੈਂ ਇਸ ਸਾਲ ਭਾਰਤ ਲਈ ਇਕ ਹੋਰ ਸੋਨ ਤਮਗਾ ਜਿੱਤ ਕੇ ਬਹੁਤ ਖੁਸ਼ ਹਾਂ। ਮੇਰੇ ਲਈ ਇਸ ਸਾਲ ਦਾ ਸਫਰ ਹੁਣ ਤੱਕ ਬਹੁਤ ਸ਼ਾਨਦਾਰ ਰਿਹਾ ਹੈ ਅਤੇ ਮੈਂ ਆਉਣ ਵਾਲੇ ਮੁਕਾਬਲਿਆਂ ’ਚ ਵੀ ਇਸ ਨੂੰ ਬਰਕਰਾਰ ਰੱਖਣਾ ਚਾਹੁੰਦੀ ਹਾਂ।”