ਨਵੀਂ ਦਿੱਲੀ, 20 ਜੂਨ

ਭਾਰਤ ਨੇ ਰਾਸ਼ਟਰਮੰਡਲ ਖੇਡਾਂ ਲਈ ਅੱਜ ਸੀਨੀਅਰ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ ਕਪਤਾਨ ਮਨਪ੍ਰੀਤ ਸਿੰਘ ਦੀ ਵਾਪਸੀ ਹੋਈ ਹੈ। ਜਦਕਿ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਹਾਕੀ ਇੰਡੀਆ ਨੇ ਬਰਮਿੰਘਮ ਖੇਡਾਂ ਤੇ 2024 ਪੈਰਿਸ ਉਲੰਪਿਕ ਦੇ ਕੁਆਲੀਫਾਇਰ ਹਾਂਗਝੋਊ ਏਸ਼ਿਆਈ ਖੇਡਾਂ ਵਿਚਾਲੇ ਘੱਟ ਸਮਾਂ ਹੋਣ ਕਾਰਨ ਸ਼ੁਰੂਆਤ ਵਿਚ ਰਾਸ਼ਟਰਮੰਡਲ ਖੇਡਾਂ ਲਈ ਦੂਜੇ ਦਰਜੇ ਦੀ ਟੀਮ ਭੇਜਣ ਦਾ ਫ਼ੈਸਲਾ ਕੀਤਾ ਸੀ। ਚੀਨ ਵਿਚ ਕੋਵਿਡ ਨਾਲ ਜੁੜੀ ਸਥਿਤੀ ਕਾਰਨ ਏਸ਼ਿਆਈ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਾਕੀ ਇੰਡੀਆ ਨੇ 28 ਜੁਲਾਈ ਤੋਂ ਸ਼ੁਰੂ ਹੋ ਰਹੇ ਇਸ ਵੱਕਾਰੀ ਮੁਕਾਬਲੇ ਲਈ ਮਜ਼ਬੂਤ ਟੀਮ ਚੁਣਨ ਦਾ ਫ਼ੈਸਲਾ ਕੀਤਾ ਹੈ।